ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਈ-ਰਿਕਸ਼ਿਆਂ ਦੀ ਇੰਨੀ ਭਰਮਾਰ ਹੋ ਰਹੀ ਹੈ ਕਿ ਸੜਕਾਂ 'ਤੇ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਣ ਕਰਕੇ ਲੋਕਾਂ ਦਾ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ | ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ | ਇਸ ਮਾਮਲੇ ਪ੍ਰਤੀ ਦਿੱਲੀ ਸਰਕਾਰ ਨੇ ਇਕ ਫ਼ੈਸਲਾ ਕੀਤਾ ਹੈ ਕਿ ਈ-ਰਿਕਸ਼ਿਆਂ ਨੂੰ ਚਲਾਉਣ ਵਾਲੇ ਵਿਅਕਤੀ ਨੂੰ 10 ਦਿਨਾਂ ਦੀ ਜ਼ਰੂਰੀ ਟਰੇਨਿੰਗ ਲੈਣੀ ਹੋਵੇਗੀ ਅਤੇ ਬਿਨਾਂ ਟਰੇਨਿੰਗ ਪ੍ਰਮਾਣ ਪੱਤਰ ਦੇ ਡਰਾਈਵਿੰਗ ਲਾਈਸੈਂਸ ਨਹੀਂ ਬਣੇਗਾ | ਇਸ ਮਾਮਲੇ ਬਾਰੇ ਟਰਾਂਸਪੋਰਟ ਵਿਭਾਗ ਨੇ ਆਪਣਾ ਆਦੇਸ਼ ਜਾਰੀ ਕਰ ਦਿੱਤਾ ਹੈ | ਜੋ ਟਰੇਨਿੰਗ ਈ-ਰਿਕਸ਼ਾ ਚਾਲਕਾਂ ਨੂੰ ਦਿੱਤੀ ਜਾਵੇਗੀ ਉਸ ਵਿਚ ਥਿਊਰੀ, ਪ੍ਰੈਕਟੀਕਲ ਆਦਿ ਸ਼ਾਮਿਲ ਹੋਣਗੇ | ਇਸ ਦੇ ਨਾਲ ਹੀ ਟਰੇਨਿੰਗ ਵਿਚ ਕੇਵਲ ਗੱਡੀ ਚਲਾਉਣਾ ਹੀ ਨਹੀਂ, ਬਲਕਿ ਸੜਕ 'ਤੇ ਵਿਵਹਾਰ ਤੇ ਐਮਰਜੈਂਸੀ ਦੀ ਸਥਿਤੀ ਪ੍ਰਤੀ ਨਿਪਟਣ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ | ਦਿੱਲੀ ਸਰਕਾਰ ਨੇ ਟਰੇਨਿੰਗ ਦੇਣ ਵਾਲੇ ਕੇਂਦਰਾਂ ਲਈ ਸਖ਼ਤ ਨਿਯਮ ਤੈਅ ਕੀਤੇ ਹਨ, ਜਿਸ ਵਿਚ ਘੱਟੋ-ਘੱਟ 500 ਵਰਗ ਫੁੱਟ ਵਾਲੀ ਥਾਂ, ਪ੍ਰੋਜੈਕਟਰ ਵਾਲਾ ਕਲਾਸ ਰੂਮ, ਬੈਟਰੀ ਚਾਰਜ ਸਿਸਟਮ ਅਤੇ ਟਰੇਂਡ ਸਟਾਫ ਦਾ ਹੋਣਾ ਜ਼ਰੂਰੀ ਹੋਵੇਗਾ | ਟਰੇਨਿੰਗ ਦੇਣ ਵਾਲੇ ਕੇਂਦਰਾਂ ਨੂੰ ਹਰ ਤਰ੍ਹਾਂ ਦੇ ਨਾਲ ਰਿਕਾਰਡ ਰੱਖਣਾ ਹੋਵੇਗਾ, ਜਿਸ ਦੀ ਕਦੇ ਵੀ ਜਾਂਚ ਹੋ ਸਕਦੀ ਹੈ |