ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਮੈਟਰੋ ਯੂਨਿਟ ਦੀ ਆਈ.ਜੀ.ਆਈ. ਮੈਟਰੋ ਥਾਣਾ ਪੁਲਿਸ ਨੇ ਏਅਰਪੋਰਟ ਐਕਸਪ੍ਰੈੱਸ ਮੈਟਰੋ ਲਾਈਨ ਦੀ ਟਨਲ ਤੋਂ ਕਾਪਰ ਕੇਬਲ ਚੋਰੀ ਕਰਨ ਵਾਲਾ ਇਕ ਚੋਰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਵਿਨੀਤ ਕੁਮਾਰ (29) ਹੈ, ਜੋ ਕਿ ਮਹਿਪਾਲਪੁਰ ਦਿੱਲੀ ਦਾ ਨਿਵਾਸੀ ਹੈ | ਇਸ ਚੋਰ ਨੂੰ ਪੁਲਿਸ ਦੇ ਅਧਿਕਾਰੀ ਡੀ.ਐਮ.ਆਰ.ਸੀ., ਸੀ.ਆਈ.ਐਸ.ਐਫ. ਅਤੇ ਦਿੱਲੀ ਮੈਟਰੋ ਪੁਲਿਸ ਨੇ ਸਾਂਝੀ ਕਾਰਵਾਈ ਕਰ ਕੇ ਕਾਬੂ ਕੀਤਾ | ਇਸ ਚੋਰੀ ਪ੍ਰਤੀ ਆਈ.ਜੀ.ਆਈ. ਮੈਟਰੋ ਥਾਣੇ ਵਿਚ ਮੈਟਰੋ ਟਰੈਕ ਤੋਂ ਕਾਪਰ ਕੇਬਲ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ | ਇਹ ਚੋਰ ਆਪਣੇ ਸਾਥੀਆਂ ਦੀ ਮਦਦ ਨਾਲ 120 ਮੀਟਰ ਲੰਬੀ 3.5 ਕੋਰ ਤਾਰ ਅਤੇ ਹੋਰ ਸਾਮਾਨ ਲੈ ਗਿਆ ਸੀ | ਪੁਲਿਸ ਦੀ ਸਮੁੱਚੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਉਸ ਵਿਚ ਇਕ ਕਾਰ ਵੀ ਨਜ਼ਰ ਆਈ | ਪੁਲਿਸ ਨੇ ਇਸੇ ਆਧਾਰ 'ਤੇ ਚੋਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਤੋਂ ਪੁਲਿਸ ਹੋਰ ਪੁੱਛ-ਪੜਤਾਲ ਕਰ ਰਹੀ ਹੈ |