ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ ਬੀਮਾ ਪਾਲਿਸੀ ਨਵੀਨੀਕਰਨ ਦੇ ਬਹਾਨੇ ਨਾਗਰਿਕਾਂ ਖਾਸ ਕਰਕੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਸੁਨੀਲ ਕੁਮਾਰ ਰਾਵਤ (38), ਰਾਹੁਲ (28), ਸੋਨੂ (37), ਸ਼ਿਵਮ ਉਰਫ ਮੋਨੂ (26) ਹਨ | ਇਨ੍ਹਾਂ ਕੋਲੋਂ ਪੁਲਿਸ ਨੇ 2 ਲੱਖ ਰੁਪਏ ਦੀ ਨਕਦੀ, 3 ਕੀਪੈਡ ਮੋਬਾਈਲ, 7 ਐਂਡਰਾਇਡ ਮੋਬਾਈਲ, ਵੱਟਸਐਪ ਚੈਟਾਂ ਅਤੇ ਨਕਦੀ ਬੀਮਾ ਪਾਲਿਸੀ ਦਸਤਾਵੇਜ਼ ਬਰਾਮਦ ਕੀਤੇ ਹਨ | ਇਸ ਮਾਮਲੇ ਪ੍ਰਤੀ ਕਿਸੇ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਨਾਲ ਧੋਖਾ ਹੋਇਆ ਹੈ | ਇਸ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਦੇ ਹੋਏ ਮੋਬਾਈਲ ਨੰਬਰ, ਡਿਜੀਟਲ ਫੁੱਟ ਪਿ੍ੰਟ, ਵਿੱਤੀ ਲੈਣ-ਦੇਣ, ਤਕਨੀਕੀ ਵਿਸ਼ਲੇਸ਼ਣ ਕੀਤਾ | ਇਸ ਤੋਂ ਇਲਾਵਾ ਪੁਲਿਸ ਨੰੂ ਇਕ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਸੁਨੀਲ ਕੁਮਾਰ ਰਾਵਤ ਨੂੰ ਦਿੱਲੀ ਦੇ ਗਾਂਧੀ ਨਗਰ ਤੋਂ ਗਿ੍ਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛ-ਪੜਤਾਲ ਕਰਨ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |