ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਮਹੇਸ਼ ਉਰਫ ਲਾਲੀ ਉਰਫ ਰੋਹਨ (28) ਨਿਵਾਸੀ ਮਦਨਗੀਰ ਦਿੱਲੀ ਹੈ | ਇਸ ਕੋਲੋਂ ਪੁਲਿਸ ਨੇ ਇਕ ਚੋਰੀ ਕੀਤਾ ਹੋਇਆ ਸਕੂਟਰ ਅਤੇ ਦੋ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਚੋਰ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ | ਇਸ ਦੀ ਗਿ੍ਫ਼ਤਾਰੀ 'ਤੇ ਚੋਰੀ ਦੇ ਕੁਝ ਮਾਮਲੇ ਸੁਲਝੇ ਹਨ | ਪੁਲਿਸ ਵਲੋਂ ਚੋਰੀ ਕੀਤੀਆਂ ਜਾ ਰਹੀਆਂ ਗੱਡੀਆਂ ਪ੍ਰਤੀ ਸ਼ਿਕਾਇਤਾਂ ਨੂੰ ਵੇਖਦੇ ਹੋਏ ਮੁਹਿੰਮ ਚਲਾਈ ਹੋਈ ਸੀ ਅਤੇ ਨਾਲ ਹੀ ਪੁਲਿਸ ਚੋਰਾਂ ਦੀ ਸੂਹ ਲੈਣ ਲਈ ਕਈ ਤਰੀਕੇ ਵੀ ਵਰਤ ਰਹੀ ਸੀ | ਪੁਲਿਸ ਨੂੰ ਮਹੇਸ਼ ਉਰਫ ਲਾਲੀ ਦੇ ਬਾਰੇ ਗੁਪਤ ਜਾਣਕਾਰੀ ਮਿਲੀ ਕਿ ਉਹ ਪੁਸ਼ਪ ਵਿਹਾਰ ਦੇ ਨੇੜੇ ਚੋਰੀ ਦੀ ਸਕੂਟਰੀ ਰਾਹੀਂ ਪੁੱਜੇਗਾ | ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਜਾਲ ਵਿਛਾਇਆ ਅਤੇ ਜਦੋਂ ਉਹ ਪੁਸ਼ਪ ਵਿਹਾਰ ਪੁੱਜਾ ਤਾਂ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਚੋਰੀ ਕੀਤੀਆਂ ਗੱਡੀਆਂ ਬਾਰੇ ਸਭ ਕੁਝ ਦੱਸ ਦਿੱਤਾ | ਪੁਲਿਸ ਇਸ ਤੋਂ ਪਹਿਲਾਂ ਚੋਰੀ ਕੀਤੀਆਂ ਗੱਡੀਆਂ ਬਾਰੇ ਵੀ ਜਾਣਕਾਰੀ ਲੈ ਰਹੀ ਹੈ |