ਨਵੀਂ ਦਿੱਲੀ, 19 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅੱਗ ਲੱਗਣ ਦੀਆਂ ਲਗਾਤਾਰ ਘਟਨਾਵਾਂ ਹੋ ਰਹੀਆਂ ਹਨ। ਇਸ ਮਾਮਲੇ ਪ੍ਰਤੀ ਦਿੱਲੀ ਫਾਇਰ ਸਰਵਿਸ (ਡੀ.ਐਫ.ਐਲ.) ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਵੱਡੀਆਂ ਇਮਾਰਤਾਂ ਲਈ ਫਾਇਰ ਸੇਫ਼ਟੀ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਵਿਭਾਗ ਨੇ ਇਕ ਪਬਲਿਕ ਨੋਟਿਸ ਵੀ ਜਾਰੀ ਕਰ ਕੇ ਭਵਨਾਂ ਦੇ ਮਾਲਕਾਂ ਅਤੇ ਸੰਚਾਲਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਕੋਲ ਜਾਇਜ਼ ਫਾਇਰ ਐਨ.ਓ.ਸੀ. ਨਹੀਂ ਹੈ, ਉਹ ਜਲਦੀ ਇਸ ਲਈ ਅਪਲਾਈ ਕਰਨ। ਇਸਦੇ ਨਾਲ ਹੀ ਬੇਸਮੈਂਟ ਨੂੰ ਵੀ ਉਪਰੋਕਤ ਦਾਇਰੇ ਵਿਚ ਸ਼ਾਮਿਲ ਕੀਤੇ ਜਾਣ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਡੀ.ਐਲ.ਐਲ. ਅਨੁਸਾਰ ਰਾਸ਼ਟਰੀ ਭਵਨ ਨਿਰਮਾਣ ਨਿਯਮ 2026, ਦਿੱਲੀ ਫਾਇਰ ਸਰਵਿਸ ਅਧਿਨਿਯਮ 2007 ਅਤੇ ਨਿਯਮ 2010 ਦੇ ਅਧੀਨ ਨਿਰਧਾਰਤ ਸ਼੍ਰੇਣੀਆਂ ਦੇ ਭਵਨਾਂ ਵਿਚ ਅਗਨੀ ਸੁਰੱਖਿਆ ਉਪਾਅ ਅਤੇ ਫਾਇਰ ਸੇਫ਼ਟੀ ਸਰਟੀਫਿਕੇਟ ਜ਼ਰੂਰੀ ਹੈ। ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਦਿਨਾਂ ਵਿਚ ਹੋਈਆਂ ਅਗਨੀ ਦੀਆਂ ਘਟਨਾਵਾਂ ਦੇ ਬਾਅਦ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋਟਿਸ ਅਨੁਸਾਰ 15 ਮੀਟਰ ਤੋਂ ਜ਼ਿਆਦਾ ਉੱਚਾਈ, ਪੰਜ ਜਾਂ ਹੋਰ ਜ਼ਿਆਦਾ ਮੰਜ਼ਿਲਾਂ ਵਾਲੇ ਰਿਹਾਇਸ਼ੀ ਅਤੇ ਵਿਵਸਾਇਕ ਭਵਨਾਂ ਨੂੰ ਫਾਇਰ ਐਨ.ਓ.ਸੀ. ਲੈਣੀ ਹੋਵੇਗੀ। ਡੀ.ਐਫ.ਐਸ. ਦੇ ਅਧਿਕਾਰੀਆਂ ਦਾ ਕਹਿਣਾ ਹੈ ਫਾਇਰ ਐਨ.ਓ.ਸੀ. ਦਾ 5 ਸਾਲ ਦਾ ਸਮਾਂ ਹੁੰਦਾ ਹੈ ਅਤੇ ਉਸ ਤੋਂ ਬਾਅਦ ਇਸ ’ਚ ਨਵੀਨੀਕਰਣ ਕਰਾਉਣਾ ਜ਼ਰੂਰੀ ਹੈ। ਵਰਨਣਯੋਗ ਹੈ ਕਿ ਦਿੱਲੀ ਵਿਚ ਲਗਾਤਾਰ ਅਗਨੀ ਦੀਆਂ ਘਟਨਾਵਾਂ ਹੋਣ ’ਤੇ ਫਾਇਰ ਵਿਭਾਗ ਪੂਰੀ ਤਰ੍ਹਾਂ ਸੁਚੇਤ ਹੋ ਗਿਆ ਹੈ ਅਤੇ ਜੇਕਰ ਨਿਯਮਾਂ ਦੀ ਕੋਈ ਉਲੰਘਣਾ ਕਰਦਾ ਹੈ ਉਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ।