ਟੋਹਾਣਾ, 3 ਜੁਲਾਈ (ਮਨਜੀਤ ਸਿੰਘ) – ਨਗਰ ਪ੍ਰੀਸ਼ਦ ਟੋਹਾਣਾ ਵੱਲੋਂ ਹਾਲ ਹੀ ਵਿੱਚ ਚਲਾਈ ਗਈ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਲੈ ਕੇ ਹਰਿਆਣਾ ਵਪਾਰ ਮੰਡਲ ਟੋਹਾਣਾ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੂੰ ਇੱਕ ਮੰਗ-ਪੱਤਰ ਸੌਂਪਿਆ। ਵਪਾਰ ਮੰਡਲ ਦਾ ਦੋਸ਼ ਹੈ ਕਿ 1 ਜੁਲਾਈ ਨੂੰ ਚਲਾਈ ਗਈ ਮੁਹਿੰਮ ਦੌਰਾਨ ਕੁਝ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਾਰਵਾਈ ਦੌਰਾਨ ਭੇਦਭਾਵ ਕੀਤਾ ਗਿਆ।ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਜਾਣ ਵਾਲੀ ਕਾਰਵਾਈ ਨਿਰਪੱਖ, ਪਾਰਦਰਸ਼ੀ ਅਤੇ ਸਾਰੇ ਵਪਾਰੀਆਂ ਲਈ ਇੱਕੋ ਜਿਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਪਾਰੀ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਅਤੇ ਨਿਯਮਾਂ ਦੀ ਪਾਲਣਾ ਸਾਰਿਆਂ ਲਈ ਬਰਾਬਰ ਹੋਣੀ ਲਾਜ਼ਮੀ ਹੈ।ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੂੰ ਦਿੱਤੇ ਮੰਗ-ਪੱਤਰ ਵਿੱਚ ਵਪਾਰ ਮੰਡਲ ਨੇ ਮੰਗ ਕੀਤੀ ਕਿ ਨਾਜਾਇਜ਼ ਕਬਜ਼ੇ ਹਟਾਉਣ ਤੋਂ ਪਹਿਲਾਂ ਘੱਟੋ-ਘੱਟ 15 ਦਿਨ ਪਹਿਲਾਂ ਲਿਖਤੀ ਨੋਟਿਸ ਜਾਰੀ ਕੀਤਾ ਜਾਵੇ ਅਤੇ ਲਾਊਡਸਪੀਕਰ ਤੇ ਸੋਸ਼ਲ ਮੀਡੀਆ ਰਾਹੀਂ ਵੀ ਪਹਿਲਾਂ ਸੂਚਨਾ ਦਿੱਤੀ ਜਾਵੇ। ਬਾਜ਼ਾਰਾਂ ਵਿੱਚ ਸਮਾਨ ਰੱਖਣ ਲਈ ਨਿਰਧਾਰਿਤ ਹੱਦ ਸਪੱਸ਼ਟ ਕੀਤੀ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਭੇਦਭਾਵ ਕਾਰਵਾਈ ਕੀਤੀ ਜਾਵੇ, ਜ਼ਬਤ ਕੀਤੇ ਸਮਾਨ ਦੀ ਰਸੀਦ ਦਿੱਤੀ ਜਾਵੇ ਅਤੇ ਉਸ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਨਗਰ ਪ੍ਰੀਸ਼ਦ ਅਤੇ ਪ੍ਰਸ਼ਾਸਨ ਹਰਿਆਣਾ ਵਪਾਰ ਮੰਡਲ ਨਾਲ ਤਾਲਮੇਲ ਬਣਾ ਕੇ ਕਾਰਵਾਈ ਕਰੇ। ਮੰਗ-ਪੱਤਰ ਵਿੱਚ ਨਵੇਂ ਬੱਸ ਅੱਡੇ ਤੋਂ ਪੁਰਾਣੇ ਬੱਸ ਅੱਡੇ ਤੱਕ ਬੱਸਾਂ ਦੇ ਰੂਟ ਵਿੱਚ ਤਬਦੀਲੀ ਕਰਨ ਦੀ ਮੰਗ ਵੀ ਕੀਤੀ ਗਈ।ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਕਾਰਵਾਈ ਨਾਲ ਹੀ ਵਪਾਰੀਆਂ ਦਾ ਪ੍ਰਸ਼ਾਸਨ ‘ਤੇ ਭਰੋਸਾ ਮਜ਼ਬੂਤ ਹੋਵੇਗਾ ਅਤੇ ਬੇਲੋੜੇ ਟਕਰਾਅ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਸੰਘਰਸ਼ ਨਹੀਂ, ਸਗੋਂ ਸਮੱਸਿਆਵਾਂ ਦਾ ਨਿਆਂਪੂਰਨ ਹੱਲ ਚਾਹੀਦਾ ਹੈ।ਮੰਗ-ਪੱਤਰ ਸੌਂਪਣ ਮੌਕੇ ਹਰਿਆਣਾ ਵਪਾਰ ਮੰਡਲ ਟੋਹਾਣਾ ਦੇ ਪ੍ਰਧਾਨ ਵੀਰੂ ਅਗਰਵਾਲ, ਮਨੂ ਸਿੰਗਲਾ, ਨੀਰਜ ਗੋਇਲ ਐਡਵੋਕੇਟ, ਸੁਭਾਸ਼ ਗੋਇਲ, ਸਤਪਾਲ ਕੋਸ਼ਰ, ਅਨਿਲ ਕੁਮਾਰ, ਰਮੇਸ਼ ਅਰੋੜਾ, ਅੰਮ੍ਰਿਤ ਸੈਣੀ, ਅਮਿਤ ਕੁਮਾਰ, ਮਨੀਸ਼ ਸ਼ਰਮਾ, ਅਜੈ ਮੋਦੀ ਅਤੇ ਹੋਰ ਵਪਾਰੀ ਹਾਜ਼ਰ ਸਨ।