ਟੋਹਾਣਾ, 3 ਜੁਲਾਈ (ਮਨਜੀਤ ਸਿੰਘ) - ਫਤਿਹਾਬਾਦ ਜ਼ਿਲ੍ਹਾ ਪੁਲਿਸ ਵੱਲੋਂ ਆਪ੍ਰੇਸ਼ਨ ਮੁਸਕਾਨ ਤਹਿਤ ਗੁੰਮਸ਼ੁਦਾ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਲਗਾਤਾਰ ਸੰਵੇਦਨਸ਼ੀਲਤਾ ਅਤੇ ਤਤਪਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਾਖਲ ਥਾਣਾ ਪੁਲਿਸ ਨੇ ਸ਼ਲਾਘਾਯੋਗ ਕਾਰਵਾਈ ਕਰਦਿਆਂ ਬਿਨਾਂ ਦੱਸੇ ਘਰੋਂ ਚਲੇ ਗਏ 12 ਸਾਲਾ ਲੜਕੇ ਨੂੰ ਸੁਰੱਖਿਅਤ ਲੱਭ ਕੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਥਾਣਾ ਜਾਖਲ ਦੇ ਮੁਖੀ ਉਪ-ਇੰਸਪੈਕਟਰ ਸੰਜੇ ਕੁਮਾਰ ਨੇ ਦੱਸਿਆ ਕਿ ਜਾਖਲ ਦਾ ਰਹਿਣ ਵਾਲਾ 12 ਸਾਲਾ ਨਾਬਾਲਗ ਬੀਤੀ ਸ਼ਾਮ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਆਸ-ਪਾਸ ਦੇ ਇਲਾਕਿਆਂ ਵਿੱਚ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਲਾਕਾ ਵਾਸੀਆਂ ਨੇ ਵੀ ਪੁਲਿਸ ਦਾ ਭਰਪੂਰ ਸਹਿਯੋਗ ਦਿੱਤਾ, ਜਿਸ ਸਦਕਾ ਪੁਲਿਸ ਟੀਮ ਲੜਕੇ ਨੂੰ ਸੁਰੱਖਿਅਤ ਲੱਭਣ ਵਿੱਚ ਕਾਮਯਾਬ ਰਹੀ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਲੜਕੇ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਆਪਣੇ ਬੱਚੇ ਨੂੰ ਸਹੀ-ਸਲਾਮਤ ਵਾਪਸ ਦੇਖ ਕੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਅਤੇ ਪੁਲਿਸ ਦੇ ਨਾਲ-ਨਾਲ ਸਹਿਯੋਗ ਕਰਨ ਵਾਲੇ ਇਲਾਕਾ ਵਾਸੀਆਂ ਦਾ ਵੀ ਧੰਨਵਾਦ ਕੀਤਾ। ਫਤਿਹਾਬਾਦ ਪੁਲਿਸ ਨੇ ਕਿਹਾ ਕਿ ਆਪ੍ਰੇਸ਼ਨ ਮੁਸਕਾਨ ਤਹਿਤ ਗੁੰਮਸ਼ੁਦਾ ਬੱਚਿਆਂ ਅਤੇ ਹੋਰ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਅੱਗੇ ਵੀ ਇਸੇ ਤਰ੍ਹਾਂ ਸੰਵੇਦਨਸ਼ੀਲਤਾ ਅਤੇ ਤਤਪਰਤਾ ਨਾਲ ਮੁਹਿੰਮ ਜਾਰੀ ਰੱਖੀ ਜਾਵੇਗੀ।