ਕਰਨਾਲ, 6 ਜੁਲਾਈ (ਗੁਰਮੀਤ ਸਿੰਘ ਸੱਗੂ)-ਲਾਈਨ ਪਾਰ ਖੇਤਰ ਦੇ ਪ੍ਰੇਮ ਨਗਰ ਤੋਂ ਲੈ ਕੇ ਕੈਥਲ ਰੋਡ ਤੱਕ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਖਿੱਲਰੇ ਹੋਏ ਅੰਗ ਮਿਲੇ ਸਨ, ਜਿਸ ਕਾਰਨ ਸਿੱਖ ਸੰਗਤ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ 2 ਵਜੇ ਦੇ ਕਰੀਬ ਲਾਈਨ ਪਾਰ ਪ੍ਰੇਮ ਨਗਰ ਇਲਾਕੇ ’ਚ ਸਥਿਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਕੋਠੀ ਦੇ ਬਾਹਰ ਤੋਂ ਲੈ ਕੇ ਕੈਥਲ ਰੋਡ ਪੈਟਰੋਲ ਪੰਪ ਤੋਂ ਅੱਗੇ ਸਰਤਾਜ ਕੈਫੇ ਤੱਕ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਗ ਖਿੱਲਰੇ ਹੋਏ ਮਿਲੇ, ਜਿਸ ਸੰਬੰਧੀ ਸੂਚਨਾ ਮਿਲਦੇ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ’ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਖਿੱਲਰੇ ਹੋਏ ਅੰਗ ਸੜਕ ਤੋਂ ਇਕੱਠੇ ਕੀਤੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਤਕਾ ਫਾਊਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਪ੍ਰੋਗਰਾਮ ਤੋਂ ਹੋ ਕੇ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਵੇਖਿਆ ਕਿ ਸੜਕ ’ਤੇ ਕੁਝ ਧਾਰਮਿਕ ਗ੍ਰੰਥ ਦੇ ਅੰਗ ਖਿੱਲਰੇ ਪਏ ਹਨ ਅਤੇ ਇਸ ਦੀ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸਾਹਿਬ ਜੀ ਦੇ ਅੰਗ ਹਨ ਅਤੇ ਸੜਕ ’ਤੇ ਕਾਫੀ ਜਗ੍ਹਾ ’ਤੇ ਖਿੱਲਰੇ ਪਏ ਹਨ। ਇਸ ਦੌਰਾਨ ਉਨ੍ਹਾਂ ਨੇ ਜਲਦੀ ਕੁਝ ਹੋਰ ਸਿੱਖ ਸੰਗਤਾਂ ਨੂੰ ਇਕੱਠੇ ਕਰਕੇ ਇਨ੍ਹਾਂ ਅੰਗਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਇਹ ਅੰਗ ਮਨੋਹਰ ਲਾਲ ਦੀ ਕੋਠੀ ਤੋਂ ਲੱਗ ਕੇ ਕੇਨਰਾ ਬੈਂਕ ਤੱਕ ਖਿੱਲਰੇ ਮਿਲੇ। ਇਸ ਦੌਰਾਨ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਹੋ ਜਿਹੇ ਅੰਗ ਕੈਥਲ ਰੋਡ ਪੈਟਰੋਲ ਪੰਪ ਦੇ ਸਾਹਮਣੇ ਵੀ ਕਾਫ਼ੀ ਖਿੱਲਰੇ ਪਏ ਹਨ। ਇਸ ਦੌਰਾਨ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਪੈਟਰੋਲ ਪੰਪ ਤੋਂ ਤਿੰਨ ਚਾਰ ਦੁਕਾਨਾਂ ਪਹਿਲਾਂ ਤੋਂ ਲੱਗ ਕੇ ਸਰਤਾਜ ਕੈਫੇ ਤੱਕ ਕਾਫੀ ਅੰਗ ਖਿੱਲਰੇ ਹੋਏ ਸਨ, ਜਿਨਾਂ ਨੂੰ ਅਸੀਂ ਬੜੀ ਸ਼ਰਧਾ ਨਾਲ ਇਕੱਠੇ ਕੀਤੇ ਅਤੇ ਨਾਲ ਹੀ ਇਸ ਸੰਬੰਧਿਤ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਰਾਮ ਨਗਰ ਥਾਣੇ ਨੂੰ ਦੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਿਸੇ ਨੇ ਸ਼ਰਾਰਤ ਵਜੋਂ ਜਾਣ ਬੁੱਝ ਕੇ ਸਿੱਖਾਂ ਦੀ ਭਾਵਨਾ ਨਾਲ ਖਿਲਵਾੜ ਕਰਦੇ ਹੋਏ ਇਹ ਅੰਗ ਸੜਕ ’ਤੇ ਖਿਲਾਰੇ ਹਨ। ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਵੀ ਤਰ੍ਹਾਂ ਦੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰਕੇ ਇਨ੍ਹਾਂ ਨੂੰ ਸਖਤ ਸਜ਼ਾ ਦੇਵੇਗੀ ਤਾਂ ਅੱਗੋਂ ਤੋਂ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਵਾਪਰੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਖਤ ਸਜ਼ਾ ਦਿੱਤੀ ਜਾਵੇ। ਉਕਤ ਮੌਕੇ ’ਤੇ ਪਹੁੰਚੇ ਰਾਮ ਨਗਰ ਥਾਣੇ ਤੋਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਕੇ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਥੇਦਾਰ ਗੁਰਤੇਜ ਸਿੰਘ ਖਾਲਸਾ, ਜਥੇਦਾਰ ਦਵਿੰਦਰ ਸਿੰਘ ਕਾਲਾ, ਗੁਰਨਾਮ ਸਿੰਘ ਰਾਮਗੜ੍ਹੀਆ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਨਿਊ ਰਾਮ ਨਗਰ, ਜਤਿੰਦਰ ਸਿੰਘ, ਸਮਾਜ ਸੇਵੀ ਗੁਰਜੰਟ ਸਿੰਘ ਅਤੇ ਹੋਰ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਮੌਜੂਦ ਸਨ।