ਯਮੁਨਾਨਗਰ, 6 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਮਾਧਾਨ ਕੈਂਪ ’ਚ ਆਉਣ ਵਾਲੇ ਹਰੇਕ ਬਿਨੈਕਾਰ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਕਿਸੇ ਵੀ ਸਮੱਸਿਆ ਦਾ ਹੱਲ ਦਸਤਾਵੇਜ਼ਾਂ ਜਾਂ ਹੋਰ ਜਾਂਚ ’ਤੇ ਅਧਾਰਿਤ ਹੋਵੇ, ਉਸਦਾ ਸਮੇਂ ਸਿਰ ਅਤੇ ਜਲਦੀ ਹੱਲ ਯਕੀਨੀ ਬਣਾਇਆ ਜਾਵੇ। ਇਹ ਪ੍ਰਗਟਾਵਾ ਕਰਦਿਆਂ ਸੀ. ਟੀ. ਐਮ. ਪੀਯੂਸ਼ ਗੁਪਤਾ ਨੇ ਕਿਹਾ ਕਿ ਰਾਜ ਸਰਕਾਰ ਦੇ ਹੁਕਮਾਂ ਅਨੁਸਾਰ ਜਨਤਕ ਸਮੱਸਿਆਵਾਂ ਦੇ ਜਲਦੀ ਹੱਲ ਪ੍ਰਦਾਨ ਕਰਨ ਲਈ ਲਗਾਏ ਜਾ ਰਹੇ ਸਮਾਧਾਨ ਕੈਂਪਾਂ ’ਚ ਬਦਲਾਅ ਕੀਤੇ ਗਏ ਹਨ। ਇਹ ਕੈਂਪ ਹੁਣ ਹਫ਼ਤੇ ’ਚ ਦੋ ਵਾਰ ਸੋਮਵਾਰ ਤੇ ਵੀਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹਿਲਾਂ ਵਾਂਗ ਜ਼ਿਲ੍ਹਾ ਅਤੇ ਸਬ-ਡਵੀਜ਼ਨ ਦੋਵਾਂ ਪੱਧਰਾਂ ’ਤੇ ਲਗਾਏ ਜਾ ਰਹੇ ਹਨ। ਅੱਜ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿਖੇ ਸੀ. ਟੀ. ਐਮ. ਦੀ ਪ੍ਰਧਾਨਗੀ ਹੇਠ ਲਗਾਏ ਗਏ ਸਮਾਧਾਨ ਕੈਂਪ ’ਚ ਚਾਰ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਮੌਕੇ ਡੀ. ਆਰ. ਓ. ਤਰੁਣ ਸਹੋਤਾ, ਸੁਪਰਡੈਂਟ ਡਿਪਟੀ ਕਮਿਸ਼ਨਰ ਦਫ਼ਤਰ ਅਤੁਲ ਕੁਮਾਰ, ਸਮਾਧਾਨ ਕੈਂਪ ਦੇ ਵਿਸ਼ੇਸ਼ ਮੈਂਬਰ ਨੀਰਜ ਗੁਪਤਾ, ਜਗਦੀਸ਼ ਬੱਬਰ ਅਤੇ ਖਰੈਤੀ ਲਾਲ ਬੱਤਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।