ਸਿਰਸਾ, 7 ਜੁਲਾਈ (ਭੁਪਿੰਦਰ ਪੰਨੀਵਾਲੀਆ)- ਹਿਸਾਰ-ਘੱਗਰ ਡਰੇਨ ਦਾ ਪਾਣੀ ਕਿਸੇ ਵੀ ਕੀਮਤ ’ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਨਹਿਰਾਂ ਵਿਚ ਨਹੀਂ ਛੱਡਣ ਦਿੱਤਾ ਜਾਵੇਗਾ। ਸਰਕਾਰ ਦਾ ਇਰਾਦਾ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਵਿਚਕਾਰ ਟਕਰਾਅ ਪੈਦਾ ਕਰਨ ਦੇ ਇਰਾਦੇ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਸੁਚੇਤ ਹਨ ਅਤੇ ਸਰਕਾਰ ਦੇ ਇਸ ਇਰਾਦੇ ਨੂੰ ਕਿਸੇ ਵੀ ਕੀਮਤ ’ਤੇ ਪੂਰਾ ਨਹੀਂ ਹੋਣ ਦੇਣਗੇ। ਇਹ ਗੱਲ ਆਲ ਇੰਡੀਆ ਕਿਸਾਨ ਸਭਾ ਹਨੂੰਮਾਨਗੜ੍ਹ ਦੇ ਜ਼ਿਲ੍ਹਾ ਪ੍ਰਧਾਨ ਮੰਗੇਜ ਚੌਧਰੀ ਨੇ ਸਿਰਸਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਹਿਸਾਰ-ਘੱਗਰ ਡਰੇਨ ਦੇ ਪਾਣੀ ਦੀ ਨਿਕਾਸੀ ਲਈ ਚੋਪਟਾ ਖੇਤਰ ਵਿੱਚੋਂ ਲੰਘਦੀਆਂ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਨਹਿਰਾਂ ਵਿੱਚ ਪਾਉਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹਿਸਾਰ-ਘੱਗਰ ਡਰੇਨ ਰੋਹਤਕ ਤੋਂ ਪਾਣੀ ਆਉਂਦਾ ਹੈ ਜਿਸ ਵਿੱਚ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਤੇ ਸੀਵਰੇਜ ਦਾ ਪਾਣੀ ਰਲਿਆ ਹੁੰਦਾ ਹੈ। ਇਸ ਪਾਣੀ ਨੂੰ ਨਹਿਰਾਂ ਵਿੱਚ ਪਾਉਣ ਸਿੱਧੇ ਤੌਰ ’ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਹ ਪਾਣੀ ਨਹਿਰਾਂ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਲੋਕਾਂ ਦੀ ਸਿਹਤ ਲਈ ਬਹੁਤ ਵੱਡਾ ਖ਼ਤਰਾ ਹੋਵੇਗਾ। ਚੌਧਰੀ ਨੇ ਕਿਹਾ ਕਿ ਹਰਿਆਣਾ ਦੇ ਪੈਂਤਾਲੀ ਪਿੰਡਾਂ ਦੇ ਕਿਸਾਨ ਪਹਿਲਾਂ ਹੀ ਇਸ ਸਮੱਸਿਆ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਹ ਪਾਣੀ ਨਹਿਰਾਂ ’ਚ ਪਾਉਣਾ ਹੀ ਹੈ ਤਾਂ ਇਸ ਨੂੰ ਰੀਟਰੀਟੀ ਕਰਕੇ ਨਹਿਰਾਂ ’ਚ ਪਾਇਆ ਜਾਏ। ਰਾਜਸਥਾਨ ਸਰਹੱਦ ਤੱਕ ਪਾਣੀ ਪਹੁੰਚਾਉਣ ਲਈ ਡਰੇਨ ਦੇ ਨਾਲ ਇੱਕ ਮਾਈਨਰ ਬਣਾਉਣਾ ਚਾਹੀਦਾ ਹੈ ਜਿਸਨੂੰ ਰਾਜਸਥਾਨ ਲੋਕ ਸਵੀਕਾਰ ਕਰਨ ਲਈ ਤਿਆਰ ਹਨ। ਇਸ ਮੌਕੇ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਇਹ ਡਰੇਨ ਅਸਲ ਵਿੱਚ ਰੋਹਤਕ ਤੱਕ ਚੱਲਦਾ ਸੀ ਅਤੇ ਹੁਣ ਇਸਨੂੰ ਦਿੱਲੀ ਤੱਕ ਵਧਾਇਆ ਜਾ ਰਿਹਾ ਹੈ। ਦਿੱਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਨਹਿਰਾਂ ਵਿੱਚ ਰਸਾਇਣਕ ਪਾਣੀ ਛੱਡਣ ਨਾਲ ਲੋਕਾਂ ਨੂੰ ਬਿਮਾਰੀਆਂ ਹੋਣ ਦਾ ਖਤਰਾ ਹੋਰ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਮਹਾਪੰਚਾਇਤ 13 ਜੁਲਾਈ ਨੂੰ ਚੋਪਾਟ ਵਿੱਚ ਹੋਵੇਗੀ ਜਿੱਥੇ ਦੋਵਾਂ ਰਾਜਾਂ ਦੇ ਕਿਸਾਨ ਅਤੇ ਆਮ ਲੋਕ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਇਸ ਪ੍ਰੋਜੈਕਟ ਤਹਿਤ ਨਹਿਰਾਂ ਵਿੱਚ ਡਰੇਨ ਦਾ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਵੱਡੇ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ’ਤੇ ਆਲ ਇੰਡੀਆ ਕਿਸਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ, ਅਭਿਮਨਿਊ ਸਹਾਰਨ, ਰਾਜਿੰਦਰ ਰੂਪਵਾਸ, ਹਮਜਿੰਦਰ ਸਿੱਧੂ, ਮੰਗੇਰਾਮ ਪਨੀਹਾਰੀ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ।
ਹਿਸਾਰ-ਘੱਗਰ ਡਰੇਨ ਦਾ ਪਾਣੀ ਕਿਸੇ ਵੀ ਕੀਮਤ ’ਤੇ ਨਹਿਰਾਂ ’ਚ ਨਹੀਂ ਛੱਡਣ ਦਿੱਤਾ ਜਾਵੇਗਾ : ਮੰਗੇਜ ਚੌਧਰੀ
ਅਜੀਤ ਡੈਸਕ
08-07-2026