ਨਵੀਂ ਦਿੱਲੀ,7 ਜੁਲਾਈ (ਜਗਤਾਰ ਸਿੰਘ)- ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ,ਜਿਸ ਨੂੰ ਰਿਲੀਜ਼ ਹੋਣ ਦੇ ਦੂਜੇ ਦਿਨ ਹੀ ਜ਼ੀ5 ਓ.ਟੀ.ਟੀ. ਪਲੇਟਫ਼ਾਰਮ ਤੋਂ ਹਟਾ ਦਿੱਤਾ ਗਿਆ ਸੀ, ਮੰਗਲਵਾਰ ਨੂੰ ਇਹੀ ਫ਼ਿਲਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਫ਼ਤਰ ਵਿਖੇ ਪ੍ਰੋਜੈਕਟਰ ਰਾਹੀਂ ਵਿਖਾਈ ਗਈ । ਫ਼ਿਲਮ ਵਿਖਾਉਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਕਿਹਾ ਕਿ ਇਸ ਫ਼ਿਲਮ ’ਤੇ ਰੋਕ ਲਾਉਣ ਬਿਲਕੁਲ ਗ਼ਲਤ ਫ਼ੈਸਲਾ ਹੈ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕੇਰਲਾ ਫਾਈਲ ਤੇ ਕਸ਼ਮੀਰ ਫਾਈਲ ਵਰਗੀਆਂ ਫ਼ਿਲਮਾਂ ਨੂੰ ਪ੍ਰਮੋਟ ਕੀਤਾ ਗਿਆ ਪਰ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਦਰਸਾਉਂਦੀ ਫ਼ਿਲਮ ’ਤੇ ਰੋਕ ਲਗਾਈ ਜਾ ਰਹੀ ਹੈ । ਇਸ ਮੌਕੇ ਸਰਨਾ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ 1984 ਤੋਂ 1995 ਦੇ ਦੌਰਾਨ ਪੁਲਿਸ ਵੱਲੋਂ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਾਰ ਦੇ ਕੇ ਸਾੜੇ ਜਾਣ ਦਾ ਮਾਮਲਾ ਉਜਾਗਰ ਕੀਤਾ ਅਤੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਸੀ। ਸਰਨਾ ਨੇ ਕਿਹਾ ਕਿ ਭਾਈ ਖਾਲੜਾ ਦੇ ਨਾਂਅ ’ਤੇ ਕਾਲਜ ਜਾਂ ਯੂਨੀਵਰਸਿਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਜੀਵਨ ਇਤਿਹਾਸ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਵੀ ਬਣਾਇਆ ਜਾਣਾ ਚਾਹੀਦਾ ਹੈ । ਇਸ ਮੌਕੇ ਮੌਜੂਦ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫ਼ਿਲਮ ਨੂੰ ਰੋਕੇ ਜਾਣ ਦੀ ਕਾਰਵਾਈ ਦੀ ਤਿੱਖੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਈ ਖਾਲੜਾ ਦਾ ਨਾਮ ਉਨ੍ਹਾਂ ਲੋਕਾਂ ਵਿਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਵਿਚ ਉਗਰਵਾਦ ਦੇ ਦੌਰ ਵਿਚ ਕਥਿਤ ਗੈਰ-ਕਾਨੂੰਨੀ ਹੱਤਿਆਵਾਂ ਅਤੇ ਗੁਪਤ ਤਰੀਕੇ ਨਾਲ ਅੰਤਿਮ ਸੰਸਕਾਰ ਕਰਨ ਦੇ ਮਾਮਲਿਆਂ ਨੂੰ ਉਜਾਗਰ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਧਿਆਨ ਖਿੱਚਿਆ ਸੀ । ਇਸ ਮੌਕੇ ਦੋਵੇਂ ਆਗੂਆਂ ਨੇ ਕਿਹਾ ਕਿ ਦਿੱਲੀ ਵਿਚ ਜਿੱਥੋਂ ਵੀ ਸੰਗਤਾਂ ਦੀ ਫ਼ਰਮਾਇਸ਼ ਆਏਗੀ,ਉੱਥੇ ਇਸ ਫ਼ਿਲਮ ਨੂੰ ਵਿਖਾਇਆ ਜਾਵੇਗਾ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦਫ਼ਤਰ ਵਿਚ ‘ਸਤਲੁਜ’ ਫ਼ਿਲਮ ਦੀ ਪੇਸ਼ਕਾਰੀ
ਅਜੀਤ ਡੈਸਕ
08-07-2026