ਨਵੀਂ ਦਿੱਲੀ, 7 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਦਲ ਦੀ ਅਹਿਮ ਬੈਠਕ ਸੱਦੀ ਗਈ, ਜਿਸ ਵਿਚ ਫ਼ਿਲਮ ਸਤਲੁਜ ’ਤੇ ਪਾਬੰਦੀ ਸਮੇਤ ਹੋਰਨਾਂ ਕਈ ਮੁੱਦਿਆਂ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ । ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੌਰਾਨ ਸਾਰਿਆਂ ਵੱਲੋਂ, ਫ਼ਿਲਮ ਸਤਲੁਜ ਨੂੰ ਹਟਾਏ ਜਾਣ ਦੀ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਮੰਗ ਕੀਤੀ ਗਈ ਕਿ ਇਸ ਫ਼ਿਲਮ ’ਤੇ ਲੱਗੀ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਅੱਤਵਾਦ ਦੇ ਦੌਰ ਦੀ ਸਚਾਈ ਪੇਸ਼ ਕਰਨ ਵਾਲੀ ਫ਼ਿਲਮ ਨੂੰ ਰੋਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਫ਼ਿਲਮ ਪਹਿਲਾਂ ਹੀ ਕਾਫ਼ੀ ਜੱਦੋਜਹਿਦ ਤੋਂ ਬਾਅਦ ਰਿਲੀਜ਼ ਹੋਈ ਸੀ ਪਰ ਜ਼ੀ5 ਓ.ਟੀ.ਟੀ. ਪਲੇਟਫ਼ਾਰਮ ਤੋਂ ਦੂਜੇ ਦਿਨ ਹੀ ਫ਼ਿਲਮ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦਾ ਸੱਚ ਵਿਖਾਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ । ਮਲਸੀਆਂ ਨੇ ਭਾਈ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਖਾਲੜਾ ਨੇ ਮੜ੍ਹੀਆਂ ਵਿਚ ਲਾਵਾਰਸ ਲਾਸ਼ਾਂ ਦਾ ਤੱਥਾਂ ਸਮੇਤ ਰਿਕਾਰਡ ਇਕੱਠਾ ਅਤੇ ਪੁਲਿਸ ਦੁਆਰਾ ਕੀਤੇ ਗਏ ਸਿੱਖਾਂ ਦੇ ਝੂਠੇ ਮੁਕਾਬਲਿਆਂ ਤੋਂ ਦੁਨੀਆ ਨੂੰ ਜਾਣੂ ਕਰਾਇਆ ।
ਫ਼ਿਲਮ ਸਤਲੁਜ ਨੇ ਪੰਜਾਬ ਦੇ ਕਾਲੇ ਦੌਰ ਦਾ ਸੱਚ ਵਿਖਾਇਆ,ਤੁਰੰਤ ਹਟਾਈ ਜਾਵੇ ਪਾਬੰਦੀ- ਮਲਸੀਆਂ
ਅਜੀਤ ਡੈਸਕ
08-07-2026