ਨਵੀਂ ਦਿੱਲੀ, 8 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ ਦੇ ਡਾਕਟਰਾਂ ਨੇ ਇਕ 57 ਸਾਲ ਦੀ ਔਰਤ ਦੇ ਫੇਫੜਿਆਂ ਦੀ ਬਿਮਾਰੀ ਦਾ ਸਫ਼ਲ ਇਲਾਜ ਕੀਤਾ ਹੈ। ਇਸ ਔਰਤ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਇਸ ਔਰਤ ਦੇ ਫੇਫੜਿਆਂ ਵਿਚ ਵਾਯੂ ਦੀਆਂ ਥੈਲੀਆਂ (ਏਅਰ ਸੈਕ) ਵਿਚ ਪ੍ਰੋਟੀਨ ਅਤੇ ਕੋਈ ਪਦਾਰਥ ਜਮ੍ਹਾਂ ਹੋ ਗਿਆ ਸੀ। ਡਾ. ਵਿਕਾਸ ਮੋਰਿਆ (ਡਾਇਰੈਕਟਰ ਅਤੇ ਐਚ.ਓ.ਡੀ.-ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ) ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਮਰੀਜ਼ ਦੇ ਫੇਫੜਿਆਂ ਦੀ ਹੋਲ ਲੰਗ ਲੇਵੇਜ (ਸੰਪੂਰਨ ਫੇਫੜਿਆਂ ਦੀ ਧੁਲਾਈ) ਕਰ ਕੇ ਜਮ੍ਹਾਂ ਹੋਏ ਪਦਾਰਥ ਨੂੰ ਕੱਢਿਆ। ਇਸ ਪ੍ਰਕਿਰਿਆ ਲਈ 30 ਲੀਟਰ ਤੋਂ ਜ਼ਿਆਦਾ ਨਮਕੀਨ ਪਾਣੀ ਦੀ ਵਰਤੋਂ ਕੀਤੀ ਗਈ। ਦੋਵੇਂ ਫੇਫੜਿਆਂ ਦੀ ਇਸ ਤਰ੍ਹਾਂ ਧੁਲਾਈ ਦੇ ਦੋ ਦਿਨ ਬਾਅਦ ਮਰੀਜ਼ ਨੂੰ ਸਥਿਰ ਅਵਸਥਾ ਵਿਚ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ। ਮਰੀਜ਼ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈਪਰ ਟੈਂਸ਼ਨ ਤੋਂ ਪੀੜਤ ਸੀ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਸਾਹ ਨਹੀਂ ਆ ਰਿਹਾ ਸੀ ਅਤੇ ਨਾਲ ਹੀ ਉਸ ਨੂੰ ਖਾਂਸੀ, ਬੁਖ਼ਾਰ ਤੇ ਆਕਸੀਜਨ ਦਾ ਪੱਧਰ ਵੀ ਡਿੱਗ ਕੇ 83 ਪ੍ਰਤੀਸ਼ਤ ਰਹਿ ਗਿਆ ਸੀ। ਇਹ ਔਰਤ ਪਿਛਲੇ ਇਕ ਮਹੀਨੇ ਤੋਂ ਬਿਸਤਰ ’ਤੇ ਸੀ। ਇਸ ਨੇ ਕੁਝ ਥਾਵਾਂ ’ਤੇ ਆਪਣਾ ਇਲਾਜ ਕਰਵਾਇਆ ਪ੍ਰੰਤੂ ਕੋਈ ਫਰਕ ਨਹੀਂ ਪਿਆ। ਅਖ਼ੀਰ ਉਹ ਸ਼ਾਲੀਮਾਰ ਫੋਰਟਿਸ ਹਸਪਤਾਲ ਆਈ ਅਤੇ ਸੀ.ਟੀ. ਸਕੈਨ ਤੋਂ ਉਸ ਦੀ ਬਿਮਾਰੀ ਦਾ ਪਤਾ ਲੱਗਿਆ।