ਕਰਨਾਲ, 30 ਜੁਲਾਈ (ਗੁਰਮੀਤ ਸਿੰਘ ਸੱਗੂ)-ਸਥਾਨਕ ਸੈਕਟਰ-9 ਸਥਿਤ ਸ੍ਰੀ ਕ੍ਰਿਸ਼ਨ ਸੇਵਾ ਧਾਮ ਵਿਖੇ ਪਾਵਨ ਗੁਰੂ ਪੂਰਨਿਮਾ ਮਹਾਂਉਤਸਵ ਆਧਿਆਤਮਕ ਸ਼ਰਧਾ, ਭਗਤੀ ਅਤੇ ਗੁਰੂ ਮਹਿਮਾ ਦੇ ਭਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਗੀਤਾ ਮਨੀਸ਼ੀ ਮਹਾਂਮੰਡਲੇਸ਼ਵਰ ਸਵਾਮੀ ਗਿਆਨਾਨੰਦ ਮਹਾਰਾਜ ਨੇ ਆਪਣੇ ਪ੍ਰਵਚਨਾਂ ‘ਚ ਕਿਹਾ ਕਿ ਗੁਰੂ ਸਿਰਫ਼ ਗਿਆਨ ਹੀ ਨਹੀਂ ਦਿੰਦੇ, ਸਗੋਂ ਜੀਵਨ ਨੂੰ ਸਹੀ ਦਿਸ਼ਾ, ਉੱਤਮ ਸੰਸਕਾਰ ਅਤੇ ਆਤਮਿਕ ਚੇਤਨਾ ਦਾ ਪ੍ਰਕਾਸ਼ ਵੀ ਬਖ਼ਸ਼ਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਦੇ ਸੰਦੇਸ਼ਾਂ ਨੂੰ ਜੀਵਨ ‘ਚ ਅਪਣਾ ਕੇ ਹੀ ਮਨੁੱਖ ਧਰਮ, ਕਰਮ, ਸੇਵਾ ਅਤੇ ਮਨੁੱਖਤਾ ਦੇ ਆਦਰਸ਼ਾਂ ਨੂੰ ਸਾਕਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦਾ ਸਾਨਿਧ ਮਨੁੱਖ ਦੇ ਜੀਵਨ ਨੂੰ ਸਾਰਥਕ ਬਣਾਉਂਦਾ ਹੈ ਅਤੇ ਸਮਾਜ ‘ਚ ਸਕਾਰਾਤਮਕ ਬਦਲਾਅ ਦੀ ਮਜ਼ਬੂਤ ਨੀਂਹ ਰੱਖਦਾ ਹੈ। ਇਸ ਪਾਵਨ ਮੌਕੇ ‘ਤੇ ਮੇਅਰ ਰੇਣੂ ਬਾਲਾ ਗੁਪਤਾ ਨੇ ਸ਼ਰਧਾ ਸਹਿਤ ਸਵਾਮੀ ਗਿਆਨਾਨੰਦ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸ਼ਰਧਾਲੂਆਂ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ‘ਚ ਗੁਰੂ ਦਾ ਸਥਾਨ ਸਰਵਉੱਚ ਹੈ। ਗੁਰੂ ਹੀ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਂਦਾ ਹੈ ਅਤੇ ਸਮਾਜ ਨੂੰ ਨੈਤਿਕ ਮੁੱਲਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਨੌਜਵਾਨਾਂ ਨੂੰ ਗੁਰੂਜਨਾਂ ਦੇ ਆਦਰਸ਼ਾਂ, ਸੰਸਕਾਰਾਂ ਅਤੇ ਸ੍ਰੀਮਦ ਭਗਵਦ ਗੀਤਾ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ‘ਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸੇ ਦੌਰਾਨ ਮੇਅਰ ਰੇਣੂ ਬਾਲਾ ਗੁਪਤਾ ਅਤੇ ਭਾਜਪਾ ਦੇ ਸਾਬਕਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਬ੍ਰਿਜ ਗੁਪਤਾ ਨੇ ਸਵਾਮੀ ਗਿਆਨਾਨੰਦ ਮਹਾਰਾਜ ਤੋ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਵੀ ਗੁਰੂ ਪੂਰਨਿਮਾ ਦੇ ਪਾਵਨ ਤਿਉਹਾਰ ਮੌਕੇ ਹਾਜ਼ਰੀ ਭਰਦਿਆ ਪ੍ਰਵਚਨ ਸਰਵਣ ਕੀਤੇ।