ਦਿੱਲੀ ਵਿਚ ਦਿਨ-ਦਿਹਾੜੇ ਪਿਸਤੌਲ ਦੇ ਜ਼ੋਰ ’ਤੇ ਬਦਮਾਸ਼ਾਂ ਨੇ 2.30 ਕਰੋੜ ਦੀ ਕੀਤੀ ਲੁੱਟ
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਇਲਾਕੇ ਲਾਹੌਰੀ ਗੇਟ ਵਿਚ ਦਿਨ-ਦਿਹਾੜੇ 2.
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਇਲਾਕੇ ਲਾਹੌਰੀ ਗੇਟ ਵਿਚ ਦਿਨ-ਦਿਹਾੜੇ 2.30 ਕਰੋੜ ਰੁਪਏ ਦੀ ਕੀਤੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਚਾਰ ਬਦਮਾਸ਼ਾਂ ਨੇ ਇਕ ਪ੍ਰਾਈਵੇਟ ਦਫ਼ਤਰ ਅੰਦਰ ਜਾ ਕੇ ਪਿਸਤੌਲ ਦੇ ਜ਼ੋਰ ’ਤੇ ਇਹ ਲੁੱਟ-ਮਾਰ ਕੀਤੀ ਅਤੇ ਇਹ ਪੈਸੇ ਬੈਗ ਵਿਚ ਭਰ ਕੇ ਫ਼ਰਾਰ ਹੋ ਗਏ। ਇਨ੍ਹਾਂ ਬਦਮਾਸ਼ਾਂ ਨੇ ਵਾਰਦਾਤ ਤੋਂ ਪਹਿਲਾਂ ਹੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਕਾਰ ਖੜ੍ਹੀ ਕੀਤੀ ਹੋਈ ਸੀ, ਜਿਸ ਵਿਚ ਪਹਿਲਾਂ ਹੀ ਡਰਾਈਵਰ ਬੈਠਾ ਸੀ ਅਤੇ ਜਿਵੇਂ ਹੀ ਇਹ ਬਦਮਾਸ਼ ਲੁੱਟ-ਮਾਰ ਕੇ ਆਏ ਤਾਂ ਇਹ ਲੋਕ ਕਾਰ ਵਿਚ ਉਥੋਂ ਜਲਦੀ ਵਿਚ ਚਲੇ ਗਏ। ਲਾਹੌਰੀ ਗੇਟ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਬਦਮਾਸ਼ਾਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ ਲਈ ਪੁਲਿਸ ਨੇ ਵਿਸ਼ੇਸ਼ ਚਾਰ ਟੀਮਾਂ ਦਾ ਗਠਨ ਕੀਤਾ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਲੈ ਕੇ ਰੇਲਵੇ ਸਟੇਸ਼ਨ ਅਤੇ ਆਸਪਾਸ ਦੇ ਰਸਤਿਆਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖ ਰਹੀ ਹੈ। ਪੁਲਿਸ ਇਹ ਮਾਮਲਾ ਇਸ ਪੱਖ ਤੋਂ ਵੀ ਵੇਖ ਰਹੀ ਹੈ ਕਿ ਜਿਸ ਦਫ਼ਤਰ ਵਿਚ ਲੁੱਟ ਹੋਈ ਹੈ, ਕਿਤੇ ਉਥੋਂ ਦੇ ਕਰਮਚਾਰੀ ਦੀ ਮਿਲੀਭੁਗਤ ਤਾਂ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਅਚਾਨਕ ਵਾਰਦਾਤ ਨਹੀਂ ਹੈ ਅਤੇ ਪੂਰੀ ਪਲੈਨਿੰਗ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਪੁਲਿਸ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਥੇ ਕਿ ਕਾਰ ਖੜ੍ਹੀ ਸੀ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।