ਕਿਸ਼ਨਗੜ੍ਹ, 30 ਜਨਵਰੀ (ਹੁਸਨ ਲਾਲ) - ਦੁਆਬਾ ਕਿਸਾਨ ਵੈਲਫੇਅਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਮੁੱਖ ਦਫਤਰ ਕਿਸ਼ਨਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਤੇ ਮਨਪ੍ਰੀਤ ਸਿੰਘ ਬਾਠ ਦੀ ਅਗਵਾਈ ਵਿੱਚ ਹੋਈ | ਮੀਟਿੰਗ ਦੌਰਾਨ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਤੇ ਅਹੁਦੇਦਾਰਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮਨਾਉਣ ਲਈ ਪੂਰੇ ਦੇਸ਼ ਅੰਦਰ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕਿਸ਼ਨਗੜ੍ਹ ਤੋਂ ਕੀਤੀ ਗਈ ਹੈ ਜਿਸ ਵਿਚ ਭਾਰਤ ਦੇ ਹਰ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਕਿਸਾਨਾਂ ਦੀਆਂ 15 ਮੰਗਾਂ ਵਾਲੇ ਇੱਕ ਮੰਗ ਪੱਤਰ 'ਤੇ ਕਿਸਾਨਾਂ ਤੇ ਆਮ ਲੋਕਾਂ ਦੇ ਦਸਤਖਤ ਕਰਵਾ ਕੇ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਭੇਜਿਆ ਜਾਵੇਗਾ | ਇਸ ਮੁਹਿੰਮ ਦੀ ਸ਼ੁਰੂਆਤ ਅੰਦੋਲਨ-2 ਦੇ ਸ਼ਹੀਦ ਸ਼ੁਬਕਰਨ ਸਿੰਘ ਦੇ ਪਿੰਡ ਬੱਲ੍ਹੋ ਬਠਿੰਡਾ ਵਿਖੇ ਕੀਤੀ ਗਈ | ਇਹ ਪ੍ਰੋਗਰਾਮ ਪੂਰੇ ਭਾਰਤ ਦੇ ਕਿਸਾਨਾਂ ਦਾ ਪ੍ਰੋਗਰਾਮ ਹੋਵੇਗਾ ਤੇ ਇਸ ਸਬੰਧੀ 19 ਮਾਰਚ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਇੱਕ ਵੱਡਾ ਇਕੱਠ ਕਰ ਕੇ ਇਨ੍ਹਾਂ ਮੰਗ ਪੱਤਰਾਂ ਨੂੰ ਵਿਅਕਤੀਗਤ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੌਂਪਿਆ ਜਾਵੇਗਾ | ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਤੇ ਹੋਰ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ 7 ਫ਼ਰਵਰੀ ਨੂੰ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਫਸਲਾਂ ਦੀ ਐਮ.ਐਸ.ਪੀ. ਗਰੰਟੀ ਲਈ ਇੱਕ ਵਿਸ਼ਾਲ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕਰੇਗੀ ਜਿਸ ਦਾ ਮੁੱਖ ਮਕਸਦ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ ਤੱਕ ਐਮ.ਐਸ.ਪੀ. ਗਰੰਟੀ ਦੀ ਆਵਾਜ਼ ਨੂੰ ਪਹੁੰਚਾਉਣਾ ਹੈ | ਇਸ ਮੌਕੇ ਹਰਸੁਲਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਠ, ਮੱਖਣ ਸਿੰਘ ਰਹੀਮਪੁਰ, ਦਿਲਬਾਗ ਸਿੰਘ ਤਲਵੰਡੀ ਭੀਲਾਂ, ਕੇਵਲ ਸਿੰਘ ਸੱਤੋਵਾਲੀ, ਹਰਮਿੰਦਰ ਸਿੰਘ ਸਿੰਘਪੁਰ, ਹਰਦਿਆਲ ਸਿੰਘ ਬੁੱਟਰਾਂ, ਦਿਲਜੀਤ ਸਿੰਘ ਧੋਗੜੀ, ਗੁਰਪਿਆਰ ਸਿੰਘ ਹੋਠੀ, ਹਰਪ੍ਰੀਤ ਸਿੰਘ ਬੁਟਰਾਂ, ਗੁਰਪ੍ਰੀਤ ਸਿੰਘ ਗੋਪੀ ਸੰਘਵਾਲ, ਇਕਬਾਲ ਸਿੰਘ ਧੋਗੜੀ, ਸੁਖਬੀਰ ਸਿੰਘ ਮੰਨਣ, ਕਰਮਜੀਤ ਸਿੰਘ ਮੰਨਣ, ਵਰਿੰਦਰ ਸਿੰਘ ਮੰਨਣ, ਤਲਵਿੰਦਰ ਸਿੰਘ, ਦਲਵੀਰ ਸਿੰਘ ਬੁੱਟਰਾਂ, ਇਕਬਾਲ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |