ਜਲੰਧਰ, 2 ਫਰਵਰੀ (ਸ਼ਿਵ)- ਨਗਰ ਨਿਗਮ ਜਲੰਧਰ ਵੱਲੋਂ ਸੰਜੇ ਗਾਂਧੀ ਨਗਰ ਇਲਾਕੇ ਵਿਚ ਬਕਾਇਆ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਦੌਰਾਨ ਬਕਾਇਆ ਨਾ ਭਰਨ ਵਾਲੇ ਖਪਤਕਾਰਾਂ ਦੇ ਪਾਣੀ ਦੇ ਕੁਨੈੱਕਸ਼ਨ ਕੱਟਣ ਦੀ ਕਾਰਵਾਈ ਕੀਤੀ ਗਈ | ਇਹ ਕਾਰਵਾਈ ਮੇਅਰ ਸ੍ਰੀ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ਅਨੁਸਾਰ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੀ ਦੇਖ-ਰੇਖ ਹੇਠ ਕੀਤੀ ਗਈ | ਇਸ ਮੁਹਿੰਮ ਵਿਚ ਅਸ਼ਵਨੀ ਗਿੱਲ, ਸੁਪਰਡੈਂਟ ਹਰਪ੍ਰੀਤ ਵਾਲੀਆ ਤੇ ਏਰੀਆ ਇੰਸਪੈਕਟਰ ਰਜਿੰਦਰ ਵਿਰਦੀ ਵੱਲੋਂ ਸਰਗਰਮ ਭੂਮਿਕਾ ਨਿਭਾਈ ਗਈ | ਕਾਰਵਾਈ ਦੌਰਾਨ ਮੌਕੇ 'ਤੇ ਬਕਾਇਆ ਰਕਮ ਅਦਾ ਕਰਨ ਵਾਲੇ ਲੋਕਾਂ ਤੋਂ ਕੁੱਲ 1 ਲੱਖ 66 ਹਜ਼ਾਰ ਦੀ ਵਸੂਲੀ ਕੀਤੀ ਗਈ | ਇਸ ਤੋਂ ਇਲਾਵਾ ਮੌਕੇ 'ਤੇ ਬਕਾਇਆ ਰਕਮ ਅਦਾ ਨਾ ਕਰਨ ਵਾਲੇ 4 ਲੋਕਾਂ ਦੇ ਪਾਣੀ ਦੇ ਕੁਨੈੱਕਸ਼ਨ ਕੱਟੇ ਗਏ | ਇਸੇ ਤਰ੍ਹਾਂ ਭਗਤ ਸਿੰਘ ਚੌਕ ਵਿਖੇ ਸਥਿਤ ਇੱਕ ਬੈਂਕ ਦਾ ਪਾਣੀ ਕੁਨੈੱਕਸ਼ਨ, ਇਮਾਰਤ ਦੇ ਮਾਲਕ ਵੱਲੋਂ ਸ਼ੁੱਕਰਵਾਰ ਨੂੰ ਬਕਾਇਆ ਰਕਮ ਜਮ੍ਹਾਂ ਕਰਵਾਏ ਜਾਣ ਉਪਰੰਤ ਮੁੜ ਬਹਾਲ ਕਰ ਦਿੱਤਾ ਗਿਆ |