01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੁਲਿਸ ਨੇ ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਜਲੰਧਰ-ਫਗਵਾੜਾ ਹਾਈਵੇ ਜਾਮ

Ad Position 21
No active advertisement
ਅਜੀਤ ਡੈਸਕ 03-02-2026
ਜਲੰਧਰ ਛਾਉਣੀ, 2 ਫਰਵਰੀ (ਪਵਨ ਖਰਬੰਦਾ)- ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ ਵਿਖੇ ਲੱਗਣ ਵਾਲੇ ਵਾਇਓ ਗੈਸ ਪਲਾਂਟ ਦੇ ਵਿਰੋਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਵਲੋਂ ਜਲੰਧਰ-ਫਗਵਾੜਾ ਹਾਈਵੇ ਨੂੰ ਜਾਮ ਕਰਨ ਦੇ ਕੀਤੇ ਗਏ ਐਲਾਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀਆਂ ਵਲੋਂ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਾਇਨਾਤ ਕਰਦੇ ਹੋਏ ਕਿਸਾਨ ਯੂਨੀਅਨ ਦੇ ਇਸ ਧਰਨੇ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਤੇ ਪੂਰਾ ਦਿਨ ਜਲੰਧਰ-ਫਗਵਾੜਾ ਹਾਈਵੇ 'ਤੇ ਵਾਹਨ ਆਮ ਵਾਂਗ ਚਲਦੇ ਰਹੇ ਜਿਸ ਕਾਰਨ ਵਾਹਨ ਚਾਲਕਾਂ ਨੇ ਸੁੱਖ ਦਾ ਸਾਹ ਲਿਆ | ਇਸ ਦੌਰਾਨ ਪੁਲਿਸ ਵਲੋਂ ਜਿੱਥੇ ਜਲੰਧਰ-ਫਗਵਾੜਾ ਹਾਈਵੇ ਨੇੜੇ ਮੈਕਡਾਨਲਡ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਵਲੋਂ ਜਲੰਧਰ ਤੋਂ ਜਮਸ਼ੇਰ ਜਾਣ ਵਾਲੀ ਸੜਕ ਦੇ ਵੱਖ-ਵੱਖ ਹਿੱਸਿਆਂ 'ਚ ਵੀ ਲੋਹੇ ਦੀਆਂ ਰੋਕਾਂ ਲਾ ਕੇ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਦੇ ਵਾਹਨਾਂ ਨੂੰ ਜਲੰਧਰ-ਫਗਵਾੜਾ ਹਾਈਵੇ ਵੱਲ ਆਉਣ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸੋਫ਼ੀ ਪਿੰਡ ਨੇੜੇ ਹੀ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਆਰੰਭ ਕਰ ਦਿੱਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਸੋਫ਼ੀ ਪਿੰਡ ਨੇੜੇ ਮੁੱਖ ਮਾਰਗ 'ਤੇ ਕਰੀਬ ਤਿੰਨ ਘੰਟੇ ਤੱਕ ਚੱਲੇ ਇਸ ਧਰਨੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਆਗੂ ਤੇ ਮੈਂਬਰ ਪਹੁੰਚੇ ਜਿੰਨ੍ਹਾਂ ਵਲੋਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਧਰਨੇ ਦੌਰਾਨ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਤੇ ਨਗਰ ਨਿਗਮ ਦੇ ਐੱਸ.ਈ. ਰਜਨੀਸ਼ ਕੁਮਾਰ ਵੀ ਪਹੁੰਚੇ ਜਿਨ੍ਹਾਂ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਇਸ ਰੋਸ ਧਰਨੇ ਨੂੰ ਖ਼ਤਮ ਕੀਤਾ ਗਿਆ | ਇਸ ਮੌਕੇ ਕਿਸਾਨਾਂ ਤੇ ਖੇਤਰ ਵਾਸੀਆਂ ਦੇ ਹੱਕ 'ਚ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਤੇ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਕੋਟਲੀ ਵੀ ਪਹੁੰਚੇ ਜਿਨ੍ਹਾਂ ਨੇ ਸਰਕਾਰ ਦੀ ਇਸ ਪ੍ਰੋਜੈਕਟ ਨੂੰ ਛਾਉਣੀ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀ ਦੱਸਿਆ |
ਕਿਸੇ ਹੋਰ ਜਥੇਬੰਦੀ ਨੇ ਨਹੀਂ ਕੀਤਾ ਵਿਰੋਧ
ਜਮਸ਼ੇਰ 'ਚ ਲਾਏ ਜਾਣ ਵਾਲੇ ਬਾਇਓ ਗੈਸ ਪਲਾਂਟ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਵਲੋਂ ਜਲੰਧਰ-ਫਗਵਾੜਾ ਹਾਈਵੇ 'ਤੇ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਕਈ ਦਿਨ ਪਹਿਲਾਂ ਹੀ ਕਿਸਾਨ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਸੰਬੰਧੀ ਚਿਤਾਵਨੀ ਦੇ ਦਿੱਤੀ ਗਈ ਸੀ ਪਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਹੋਰ ਕਿਸਾਨ ਜਥੇਬੰਦੀ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਹੱਕ 'ਚ ਨਾਅਰਾ ਨਹੀਂ ਦਿੱਤਾ ਗਿਆ ਤੇ ਅੱਜ ਪੁਲਿਸ ਵਲੋਂ ਵੀ ਜਦੋਂ ਪ੍ਰਦਰਸ਼ਨ ਕਰਨ ਵਾਲੀ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਦੇ ਹੋਏ ਰੋਕ ਲਿਆ ਗਿਆ ਤਾਂ ਉਸ ਦੇ ਬਾਵਜੂਦ ਵੀ ਕੋਈ ਵੀ ਹੋਰ ਕਿਸਾਨ ਜਥੇਬੰਦੀ ਵਲੋਂ ਮੌਕੇ 'ਤੇ ਆ ਕੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ, ਜਦੋਂ ਛਾਉਣੀ ਹਲਕੇ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਆਦਿ ਰਹਿੰਦੇ ਹਨ |
ਸਕੂਲਾਂ ਦੇ ਬੱਚੇ ਤੇ ਵਾਹਨ ਚਾਲਕ ਹੋਏ ਪ੍ਰੇਸ਼ਾਨ
ਪੁਲਿਸ ਪ੍ਰਸ਼ਾਸਨ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਆਗੂਆਂ ਨੂੰ ਸੋਫ਼ੀ ਪਿੰਡ ਨੇੜੇ ਹੀ ਰੋਕ ਦਿੱਤਾ ਗਿਆ ਤੇ ਉਕਤ ਯੂਨੀਅਨ ਦੇ ਆਗੂਆਂ ਵਲੋਂ ਸੋਫ਼ੀ ਪਿੰਡ ਨੇੜੇ ਹੀ ਜਲੰਧਰ ਤੋਂ ਜਮਸ਼ੇਰ ਜਾਣ ਵਾਲੀ ਸੜਕ ਨੂੰ ਰੋਕ ਕੇ ਰੋਸ ਧਰਨਾ ਆਰੰਭ ਕਰ ਦਿੱਤਾ ਗਿਆ ਜਿਸ ਦੌਰਾਨ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਤੇ ਇਸ ਦੌਰਾਨ ਹੀ ਸਕੂਲਾਂ 'ਚ ਛੁੱਟੀ ਦੇ ਸਮੇਂ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕਈ ਛੋਟੇ ਛੋਟੇ ਬੱਚਿਆਂ ਨੂੰ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ |
ਕੀ ਕਹਿੰਦੇ ਹਨ ਕਿਸਾਨ ਆਗੂ
ਇਸ ਦੌਰਾਨ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਪ੍ਰਸ਼ਾਸਨ ਵੱਲੋਂ ਅੰਦੋਲਨਕਾਰੀ ਲੋਕਾਂ ਦੇ ਸੰਘਰਸ਼ ਅੱਗੇ ਝੁਕਦੇ ਹੋਏ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਿਆ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਆਮ ਲੋਕਾਂ ਦੇ ਰੋਹ ਅੱਗੇ ਝੁਕਦੇ
(ਸਫ਼ਾ 5 ਦੀ ਬਾਕੀ)
ਹੋਏ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਚਾਰੇ ਦੀਆਂ ਟਰਾਲੀਆਂ ਮੰਡੀ 'ਚ ਦਾਖਲ ਹੋਣ ਲਈ ਮੰਡੀ ਦਾ ਰਸਤਾ ਖ਼ੋਲ੍ਹ ਦਿੱਤਾ ਗਿਆ ਤੇ ਲੋਕਾਂ ਦੀ ਸਾਫ਼ ਹਵਾ ਵਿੱਚ ਸਾਹ ਲੈਣ ਦੀ ਕੀਤੀ ਜਾ ਰਹੀ ਮੰਗ ਅੱਗੇ ਝੁਕਦੇ ਹੋਏ ਜੋ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਬਾਇਓਗੈਸ ਕੰਪਰੈਸ ਸੀ.ਐਨ.ਜੀ. ਗੈਸ ਪਲਾਂਟ ਚਾਰਾ ਮੰਡੀ ਦੀ ਥਾਂ ਉੱਪਰ ਲਗਾਇਆ ਜਾ ਰਿਹਾ ਸੀ, ਉਹ ਗੈਸ ਪਲਾਂਟ ਮੰਡੀ ਦੀ ਜਗ੍ਹਾ 'ਤੇ ਨਾ ਲਗਾਉਣ ਦੀ ਮੰਗ ਨੂੰ ਵੀ ਪ੍ਰਸ਼ਾਸਨ ਵੱਲੋਂ ਮੰਨ ਲਿਆ ਗਿਆ ਅਤੇ ਜੋ ਪ੍ਰਸ਼ਾਸਨ ਵੱਲੋਂ ਦਮਨਕਾਰੀ ਨੀਤੀ ਉੱਪਰ ਚੱਲਦੇ ਹੋਏ ਜਲੰਧਰ ਵਿਖੇ ਲੱਗਣ ਵਾਲੇ ਧਰਨੇ ਵਿੱਚ ਪਹੁੰਚਣ ਤੋਂ ਰੋਕਣ ਲਈ ਬੀ.ਕੇ.ਯੂ. ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਪੰਜਾਬ ਭਰ ਵਿੱਚ ਕਿਸਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਵੱਲੋਂ 5 ਫਰਵਰੀ ਨੂੰ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਜਿੱਥੇ ਹੋਰ ਜਗ੍ਹਾ ਇਹ ਪਲਾਟ ਸ਼ਿਫ਼ਟ ਕਰਨਾ ਉਸ ਸੰਬੰਧੀ ਸਹਿਮਤੀ ਬਣਾਈ ਜਾਵੇਗੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਸਰਹਾਲੀ, ਚਿੱਤੇਆਣੀ ਤੋਂ ਸਰਪੰਚ ਕਮਲਜੀਤ ਕੌਰ, ਮਸ਼ਿਆਣਾ ਫ਼ਰੀਦਕੋਟ ਤੋਂ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਜਨਰਲ ਸਕੱਤਰ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ, ਗੁਰਵਿੰਦਰ ਸਿੰਘ ਬਜੂਹਾ, ਹਰਨੇਕ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ, ਪਿ੍ਤਪਾਲ ਸਿੰਘ, ਗੁਲਾਬ ਸਿੰਘ, ਪ੍ਰਧਾਨ ਬਲਕਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ 'ਚ ਦੂਜੇ ਦਿਨ ਵੀ ਗੁਟਕਾ ਸਾਹਿਬ ਦੇ ਅੰਗ ਮਿਲਣ ਨਾਲ ਸੰਗਤਾਂ 'ਚ ਭਾਰੀ ਰੋਸ <br/> ਅਗਲੀ ਖ਼ਬਰ ਨਿਗਮ ਨੇ ਸੰਜੇ ਗਾਂਧੀ ਨਗਰ 'ਚ ਬਕਾਇਆ ਵਸੂਲੀ ਲਈ ਚਲਾਈ ਵਿਸ਼ੇਸ਼ ਮੁਹਿੰਮ ਡਿਫਾਲਟਰਾਂ ਦੇ ਕੱਟੇ ਪਾਣੀ ਦੇ ਕੁਨੈਕਸ਼ਨ
Ad Position 24