ਜਲੰਧਰ, 24 ਅਪ੍ਰੈਲ (ਸ਼ਿਵ)-ਦਿਨ ਵੇਲੇ ਜਿਥੇ ਕਈ ਇਲਾਕਿਆਂ 'ਚ ਬਿਜਲੀ ਕੱਟ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਰਾਤ ਨੂੰ ਵੀ 9 ਵਜੇ ਦੇ ਕਰੀਬ ਬਿਜਲੀ ਦਾ ਕੱਟ ਲੱਗ ਗਿਆ | ਗਰਮੀ ਵਧਣ ਕਰਕੇ ਕੁਝ ਦਿਨਾਂ ਤੋਂ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਰਕੇ ਦਿਨ ਵੇਲੇ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਗੋਂ ਰਾਤ ਨੂੰ ਵੀ ਕਈ ਇਲਾਕਿਆਂ 'ਚ ਲੰਬੇ ਲੰਬੇ ਬਿਜਲੀ ਕੱਟ ਲੋਕਾਂ ਦੀ ਨੀਂਦ ਉਡਾ ਰਹੇ ਹਨ | ਕਈ ਲੋਕਾਂ ਦਾ ਕਹਿਣਾ ਸੀ ਕਿ ਦਿਨ ਵੇਲੇ ਜੇਕਰ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਰਾਤ ਨੂੰ ਬਿਜਲੀ ਦੇ ਕੱਟ ਨਹੀਂ ਲੱਗਣੇ ਚਾਹੀਦੇ ਹਨ | ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਰਾਤ ਨੂੰ ਕਿਸੇ ਵੀ ਤਰ੍ਹਾਂ ਦੇ ਬਿਜਲੀ ਕੱਟ ਲਗਾਉਣ ਤੋਂ ਬਚਣਾ ਚਾਹੀਦਾ ਹੈ | ਲੋਕਾਂ ਦਾ ਕਹਿਣਾ ਸੀ ਰਾਤ ਨੂੰ ਬਿਜਲੀ ਕੱਟ ਲੱਗਣ ਕਰਕੇ ਕਈ ਇਲਾਕਿਆਂ ਵਿਚ ਬਿਲਕੁਲ ਹਨੇਰਾ ਪੈ ਜਾਂਦਾ ਹੈ ਜਿਸ ਕਰਕੇ ਲੁੱਟ ਖੋਹ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ | ਉਧਰ ਰਾਤ ਨੂੰ ਜਦੋਂ ਬਿਜਲੀ ਕੱਟ ਲੱਗਾ ਤਾਂ ਕਈ ਇਲਾਕਿਆਂ ਵਿਚ ਹਨੇਰਾ ਪਿਆ ਸੀ | ਗਰਮੀ ਪੈਣ ਤੇ ਬਿਜਲੀ ਦੀ ਕਮੀ ਕਾਰਨ ਕਈ ਇਲਾਕਿਆਂ 'ਚ ਅਨ ਐਲਾਨੇ ਕੱਟ ਵੀ ਲੱਗ ਰਹੇ ਹਨ | ਓਧਰ ਇਕ ਜਾਣਕਾਰੀ ਮੁਤਾਬਿਕ ਜਿੰਨੀ ਦੇਰ ਤੱਕ ਗਰਮੀ ਰਾਹ ਪ੍ਰਕੋਪ ਬਣਿਆ ਰਹਿੰਦਾ ਹੈ ਤੇ ਬਿਜਲੀ ਦੀ ਕਮੀ ਰਹਿੰਦੀ ਹੈ ਤਾਂ ਲੋਕਾਂ ਨੂੰ ਆਉਣ ਵਾਲੇ ਸਮਾਂ 'ਚ ਹੋਰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |