ਜਲੰਧਰ, 24 ਅਪ੍ਰੈਲ (ਅ.ਬ.)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨੈਲ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 25-04-2026 ਨੂੰ ਜਲੰਧਰ ਸਥਿਤ ਉਨ੍ਹਾਂ ਦੇ ਦਫਤਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ.ਐਸ. ਸੰਧੂ ਨੇ ਮੈਂਬਰਾਂ ਨੂੰ ਦੱਸਿਆ ਕਿ ਸੀ.ਏ.ਪੀ.ਐਫ ਦੇ ਜਵਾਨ ਹਿੰਦੁਸਤਾਨ ਦੀ ਰੀਡ ਦੀ ਹੱਡੀ ਹਨ ਅਤੇ ਉਹ 24 ਘੰਟੇ ਦੇਸ਼ ਕੀ ਸੁਰੱਖਿਆ ਕਰਦੇ ਹਨ | ਉਨ੍ਹਾਂ ਨੇ 8ਵੇਂ ਤਨਖਾਹ ਕਮਿਸ਼ਨ ਦੀ ਨਵੀਨਤਮ ਸਥਿਤੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ | ਕਰਮਚਾਰੀਆਂ ਦਾ ਕਹਿਣਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਤਹਿਤ ਆਖਰੀ ਤਨਖਾਹ ਦਾ 50 ਫੀਸਦੀ ਹਿੱਸਾ ਗਾਰੰਟੀਸ਼ੁਦਾ ਪੈਨਸ਼ਨ ਵਜੋਂ ਮਿਲਦਾ ਸੀ ਜਿਸ ਨਾਲ ਰਿਟਾਇਰਮੈਂਟ ਤੋਂ ਬਾਅਦ ਆਰਥਿਕ ਸੁਰੱਖਿਆ ਬਣੀ ਰਹਿੰਦੀ ਸੀ | ਮੌਜੂਦਾ ਨੈਸ਼ਨਲ ਪੈਨਸ਼ਨ ਸਿਸਟਮ ਮਾਰਕੀਟ ਅਧਾਰਿਤ ਪ੍ਰਣਾਲੀ ਹੈ ਜਿਸ ਵਿੱਚ ਪੈਨਸ਼ਨ ਦੀ ਕੋਈ ਗਾਰੰਟੀ ਨਹੀਂ ਹੈ | ਅਰਧ ਸੈਨਿਕ ਬਲਾਂ ਦੇ ਜਵਾਨ, ਜੋ ਕਠਿਨ ਅਤੇ ਖਤਰਨਾਕ ਹਾਲਾਤਾਂ 'ਚ ਦੇਸ ਦੀ ਸੇਵਾ ਕਰਦੇ ਹਨ, ਮੰਗ ਕਰ ਰਹੇ ਹਨ ਕਿ ਉਨ੍ਹਾਂ ਨਾਲ ਇਨਸਾਫ ਕਰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ | ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਸਬ ਇੰਸਪੈਕਟਰ (ਸੇਵਾ ਮੁਕਤ) ਬਲਵਿੰਦਰ ਸਿੰਘ ਮਾਂਗਟ, ਸਹਾਇਕ ਸਬ ਇੰਸਪੈਕਟਰ (ਸੇਵਾਮੁਕਤ) ਓਕਾਰ ਸਿੰਘ, ਇੰਸਪੈਕਟਰ ਹੈੱਡ ਕਲਰਕ (ਸੇਵਾਮੁਕਤ) ਕਰਮ ਚੰਦ ਕਲੇਰ ਅਤੇ ਮਨਜਿੰਦਰ ਸਿੰਘ ਔਲਖ ਵੀ ਮੌਜੂਦ ਸਨ |