ਜਲੰਧਰ, 1 ਮਈ (ਜਤਿੰਦਰ ਪੰਮੀ)-ਸ਼ੁੱਕਰਵਾਰ ਨੂੰ ਜਲੰਧਰ ਕੇਂਦਰੀ ਹਲਕੇ 'ਚ ਸਿਆਸੀ ਹਲਚਲ ਦੇਖਣ ਨੂੰ ਮਿਲੀ | ਇਕ ਪਾਸੇ ਪੰਜਾਬ ਸਰਕਾਰ ਨੇ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਉਨ੍ਹਾਂ ਦੀ ਵਾਪਸ ਲਈ ਗਈ ਸੁਰੱਖਿਆ ਮੋੜ ਦਿੱਤੀ ਤਾਂ ਦੂਜੇ ਪਾਸੇ ਨਿਗਮ ਨੇ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਧਾਰਮਿਕ ਸਮਾਗਮ ਦੇ ਲੱਗੇ ਬੋਰਡ ਉਤਾਰ ਦਿੱਤੇ | ਦੱਸਣਯੋਗ ਹੈ ਕਿ ਸਰਕਾਰ ਨੇ ਰਮਨ ਅਰੋੜਾ ਦੀ ਸੁਰੱਖਿਆ 'ਚ ਮੁੜ ਪੰਜਾਬ ਪੁਲਿਸ ਦੇ 6 ਜਵਾਨ ਤਾਇਨਾਤ ਕਰ ਦਿੱਤੇ ਹਨ ਅਤੇ ਨਾਲ ਹੀ ਸੁਰੱਖਿਆ ਕਾਫਲੇ ਲਈ ਜੂਲੋ ਗੱਡੀ ਵੀ ਅਲਾਟ ਕਰ ਦਿੱਤੀ ਹੈ | ਹਾਲਾਂਕਿ ਓਧਰ ਵਿਧਾਇਕ ਦੀ ਤਸਵੀਰ ਵਾਲੇ ਸ਼ਹਿਰ 'ਚ ਵੱਖ-ਵੱਖ 'ਤੇ ਲੱਗੇ ਧਾਰਮਿਕ ਸਮਾਗਮ ਦੇ ਬੋਰਡ ਨਗਰ ਨਿਗਮ ਦੀ ਟੀਮ ਵਲੋਂ ਉਤਾਰ ਦਿੱਤੇ ਗਏ | ਇਹ ਦੋਵੇਂ ਗੱਲਾਂ ਹੀ ਹਲਕਾ ਵਾਸੀਆਂ ਤੇ ਸਿਆਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣ ਗਈਆਂ ਹਨ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ 13 ਮਈ ਨੂੰ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਵਾਪਸ ਲੈ ਲਈ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 14 ਮੁਲਾਜ਼ਮ ਹਟਾ ਦਿੱਤੇ ਗਏ ਸਨ | ਇਸ ਤੋਂ ਉਪਰੰਤ 10 ਕਰੀਬ ਦਿਨਾਂ ਬਾਅਦ ਹੀ ਵਿਜੀਲੈਂਸ ਨੇ ਉਨ੍ਹਾਂ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ 'ਚ ਗਿ੍ਫ਼ਤਾਰ ਕਰ ਲਿਆ ਸੀ ਅਤੇ ਉਹ ਕਾਫੀ ਸਮਾਂ ਜੇਲ੍ਹ 'ਚ ਰਹੇ | ਇਸ ਵੇਲੇ ਉਹ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ | ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਰਮਨ ਅਰੋੜਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਵਾਪਸ ਪਰਤਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਪੰਜਾਬ ਪੁਲਿਸ ਦੇ 6 ਜਵਾਨ ਜੂਲੋ ਗੱਡੀ ਸਮੇਤ ਤਾਇਨਾਤ ਕਰ ਦਿੱਤੇ ਗਏ | ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਅਰੋੜਾ ਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਮੁੜ ਸੁਧਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਸਹੂਲਤਾਂ ਵਾਪਸ ਕੀਤੀਆਂ ਜਾ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਵਾਪਸ ਲਈ ਗਈ ਸੁਰੱਖਿਆ ਵਾਪਸ ਕਰਨ ਅਤੇ ਦੂਜੇ ਪਾਸੇ ਨਿਗਮ ਦੀ ਟੀਮ ਵਲੋਂ ਬੋਰਡ ਉਤਾਰੇ ਜਾਣ ਬਾਰੇ ਪੁੱਛੇ ਜਾਣ 'ਤੇ ਰਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਘਰ ਵਾਪਸ ਆ ਕੇ ਪਤਾ ਲੱਗਾ ਹੈ ਕਿ ਸਰਕਾਰ ਨੇ ਸੁਰੱਖਿਆ ਮੋੜ ਦਿੱਤੀ ਹੈ | ਬੋਰਡ ਲਾਹੇ ਜਾਣ ਬਾਰੇ ਵਿਧਾਇਕ ਕਿਹਾ ਕਿ ਬੋਰਡ ਉਨ੍ਹਾਂ ਨੇ ਨਹੀਂ ਬਲਕਿ ਧਾਰਮਿਕ ਸੰਸਥਾ ਨੇ ਲਵਾਏ ਸਨ, ਜੋ ਕਿ ਸਿਆਸੀ ਰੰਜਿਸ਼ ਤਹਿਤ ਉਤਾਰੇ ਗਏ ਹਨ |