ਜਲੰਧਰ, 1 ਮਈ (ਜਸਪਾਲ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਗੰਨੇ ਦੀ 250 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ ਨੇ 6 ਮਈ ਤੱਕ ਕਿਸਾਨਾਂ ਦੇ ਖਾਤਿਆਂ 'ਚ ਇਹ ਬਕਾਇਆ ਰਾਸ਼ੀ ਨਾ ਪਾਈ ਤਾਂ ਜਥੇਬੰਦੀ ਵਲੋਂ 7 ਮਈ ਨੂੰ ਰਾਸ਼ਟਰੀ ਰਾਜ ਮਾਰਗ (ਹਾਈਵੇ) ਜਾਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਗੰਨੇ ਦੀ ਪਿੜਾਈ ਦਾ 2025-2026 ਦਾ ਸੀਜ਼ਮ ਸਮਾਪਤ ਹੋਣ ਦੇ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਵਲੋਂ ਕੀਤੇ ਹੋਏ ਵਾਅਦੇ ਮੁਤਾਬਿਕ ਬਕਾਇਆ ਰਾਸ਼ੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਈ ਗਈ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਭਰੋਸਾ ਦਿੱਤਾ ਸੀ ਕਿ ਸਬਸਿਡੀ ਦੇ ਰੂਪ 'ਚ 68 ਰੁਪਏ 50 ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿਚ ਸਿੱਧੇ ਪਾਏ ਜਾਣਗੇ ਤੇ ਇਹ ਰਾਸ਼ੀ ਕਰੀਬ 250 ਕਰੋੜ ਰੁਪਏ ਬਣਦੀ ਹੈ, ਜੋ ਕਿਸਾਨਾਂ ਨੂੰ ਦਿੱਤੀ ਨਹੀਂ ਜਾ ਰਹੀ |