ਆਦਮਪੁਰ, 26 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਵਿਧਾਨ ਸਭਾ ਹਲਕਾ ਆਦਮਪੁਰ 'ਚ ਨਗਰ ਕੌਂਸਲ ਲਈ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਸ਼ੁਰੂਆਤੀ ਰੁਝਾਨਾਂ ਮੁਤਾਬਕ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ | ਭਿਆਨਕ ਗਰਮੀ ਅਤੇ ਲੂ ਦੇ ਚੱਲਦਿਆਂ ਵੀ ਸਵੇਰੇ 8 ਵਜੇ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ, ਖਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੋਟਰਾਂ ਵੱਲੋਂ ਕਰੀਬ 65. 59 % ਵੋਟਿੰਗ ਦਰਜ ਕੀਤੀ | ਵੋਟਾਂ ਦੀ ਸਮਾਪਤੀ ਉਪਰੰਤ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਵੋਟਿੰਗ ਪ੍ਰਕਿਰਿਆ ਦੌਰਾਨ ਸਿਆਸੀ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਭਖ ਗਿਆ, ਜਦੋਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਧਾਇਕ ਦੇ ਵਰਕਰ ਆਹਮੋ-ਸਾਹਮਣੇ ਹੋ ਗਏ | ਵਾਰਡ ਨੰਬਰ 5 ਦੇ ਤੋਂ ਆਪ ਉਮੀਦਵਾਰ ਮੋਨਿਕਾ ਗਾਧੀ ਤੇ ਆਜ਼ਾਦ ਉਮੀਦਵਾਰ ਵੀਨਾ ਚੌਡਾ ਦੇ ਵੋਟਿੰਗ ਕੇਂਦਰ ਦੇ ਬਾਹਰ ਦੋਵਾਂ ਪਾਰਟੀਆਂ ਦੇ ਵਰਕਰਾਂ ਤੇ ਸਮਰਥਕਾਂ ਵਿਚਾਲੇ ਹੋਈ ਜ਼ੋਰਦਾਰ ਬਹਿਸਬਾਜ਼ੀ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਅਤੇ ਮਾਹੌਲ ਵਿੱਚ ਕਾਫੀ ਗਰਮੀ ਦੇਖਣ ਨੂੰ ਮਿਲੀ | ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਸੀਨੀਅਰ ਆਗੂਆਂ ਨੇ ਸੱਤਾਧਾਰੀ ਧਿਰ 'ਤੇ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ | ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਕਥਿਤ ਤੌਰ ਜਾਲੀ ਵੋਟਾਂ 'ਤੇ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਵਿਧਾਇਕ ਕੋਟਲੀ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਆਦਮਪਰ ਨੇ ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਬੜੀ ਹੱਸੋਂ ਹੀਣੀ ਗੱਲ ਹੈ ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਆਦਮਪੁਰ ਤੋਂ ਚੋਣ ਨਹੀ ਲੜ ਰਿਹਾ ਹੈ ,ਪਹਿਲੀ ਹਾਰ , ਦੂਜਾ ਇਨ੍ਹਾਂ ਦੇ 13 ਉਮੀਦਵਾਰ ਆਪਣੇ ਸਿੰਬਲ ਛੱਡ ਕੇ ਆਜ਼ਾਦ ਚੋਣਾਂ ਲੜ ਰਹੇ ਹਨ | ਕਾਂਗਰਸ ਆਪਣੀ ਹਾਰ ਦੇ ਡਰੋਂ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਵੋਟਿੰਗ ਕੇਂਦਰ ਦੇ ਬਾਹਰ ਵਧਦੇ ਤਣਾਅ ਅਤੇ ਗਰਮਾ-ਗਰਮੀ ਨੂੰ ਦੇਖਦਿਆਂ ਮੌਕੇ 'ਤੇ ਮੌਜੂਦ ਐਸ.ਐੱਚ.ਓ ਪੰਕਜ ਕੁਮਾਰ,ਡੀਐਸਪੀ ਰਾਜੀਵ ਕਮਾਰ ਆਦਮਪੁਰ ਭਾਰੀ ਪੁਲਿਸ ਫੋਰਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੋਵਾਂ ਧਿਰਾਂ ਦੇ ਉਮੀਦਵਾਰਾਂ ਨੂੰ ਸ਼ਾਂਤ ਕੀਤਾ ਅਤੇ ਸਥਿਤੀ 'ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਵੋਟਿੰਗ ਦਾ ਕੰਮ ਮੁੜ ਸੁਚਾਰੂ ਰੂਪ ਵਿੱਚ ਸ਼ੁਰੂ ਹੋ ਸਕਿਆ | ਇਲਾਕੇ ਸਿਆਸੀ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਸਥਾਨਕ ਚੋਣਾਂ ਨੂੰ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ 'ਸੈਮੀਫਾਈਨਲ' ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸਾਰੀਆਂ ਪਾਰਟੀਆਂ ਨੇ ਇਸ ਵਿੱਚ ਪੂਰੀ ਤਾਕਤ ਝੋਕੀ ਹੋਈ ਹੈ | ਹੁਣ ਸਭ ਦੀਆਂ ਨਜ਼ਰਾਂ 29 ਮਈ 'ਤੇ ਟਿਕੀਆਂ ਹੋਈਆਂ ਹਨ, ਜਦੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਹਾਰ-ਜਿੱਤ ਦੇ ਅਧਿਕਾਰਤ ਨਤੀਜੇ ਸਾਹਮਣੇ ਆਉਣਗੇ |