ਜਲੰਧਰ, 27 ਮਈ (ਪਵਨ ਖਰਬੰਦਾ)ਦੇਸ਼ ਭਰ ਵਿਚ ਲਗਾਤਾਰ ਸਾਹਮਣੇ ਆ ਰਹੇ ਨੀਟ ਪੇਪਰ ਲੀਕ ਮਾਮਲਿਆਂ ਤੇ ਸਿੱਖਿਆ ਪ੍ਰਣਾਲੀ ਵਿਚ ਵੱਧ ਰਹੇ ਭਿ੍ਸ਼ਟਾਚਾਰ ਦੇ ਖ਼ਿਲਾਫ਼ ਯੂਥ ਕਾਂਗਰਸ ਨੇ ਅੱਜ ਜ਼ਿਲ੍ਹਾ ਕਾਂਗਰਸ ਭਵਨ ਚੌਕ ਜਲੰਧਰ ਵਿਖੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਸਾੜਿਆ ਗਿਆ, ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਯੂਥ ਆਗੂ ਲੱਕੀ ਸੰਧੂ ਅਤੇ ਫਗਵਾੜਾ ਦੇ ਨੌਜਵਾਨ ਆਗੂ ਕਮਲਪ੍ਰੀਤ ਧਾਲੀਵਾਲ ਨੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਅਗਮ ਪਰਾਸ਼ਰ, ਹਨੀ ਧਾਲੀਵਾਲ, ਮਾਨ ਸ਼ਰਮਾ, ਪਵਨ, ਅਮਨ, ਲੰਬੜ ਅਤੇ ਸਾਹਿਲ ਅਰੋੜਾ ਸਮੇਤ ਸੈਂਕੜੇ ਯੂਥ ਕਾਂਗਰਸ ਦੇ ਆਗੂ ਤੇ ਵਰਕਰ ਸ਼ਾਮਲ ਸਨ | ਕਾਂਗਰਸ ਭਵਨ ਦੇ ਅੰਦਰ ਸ਼ੁਰੂ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਵਰਕਰ ਅਤੇ ਵਿਦਿਆਰਥੀ ਮੌਜੂਦ ਸਨ | ਉਨ੍ਹਾਂ ਨੇ ਯੂਥ ਵਿਰੋਧੀ ਭਾਜਪਾ ਸਰਕਾਰ ਮੁਰਦਾਬਾਦ, ਪੇਪਰ ਲੀਕ ਬੰਦ ਕਰੋ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰੋ ਤੇ ਧਰਮਿੰਦਰ ਪ੍ਰਧਾਨ ਅਸਤੀਫ਼ਾ ਦੇਣ ਵਰਗੇ ਨਾਅਰੇ ਲਗਾ ਕੇ ਰੋਸ ਜਤਾਇਆ | ਯੂਥ ਕਾਂਗਰਸ ਦੇ ਆਗੂਆਂ ਲੱਕੀ ਸੰਧੂ ਅਤੇ ਕਮਲ ਧਾਲੀਵਾਲ ਨੇ ਕਿਹਾ ਕਿ 2021 ਤੋਂ 2026 ਤੱਕ ਨੀਟ ਸਮੇਤ ਕਈ ਰਾਸ਼ਟਰੀ ਪ੍ਰੀਖਿਆਵਾਂ ਦੇ ਲਗਾਤਾਰ ਪੇਪਰ ਲੀਕ ਹੋਣ ਨੇ ਭਾਜਪਾ ਸਰਕਾਰ ਦੀ ਸੁਰੱਖਿਅਤ ਤੇ ਪਾਰਦਰਸ਼ੀ ਸਿੱਖਿਆ ਪ੍ਰਣਾਲੀ ਨੂੰ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਅਸਫਲਤਾ ਨੂੰ ਸਾਬਤ ਕਰ ਦਿੱਤਾ ਹੈ | ਲੱਖਾਂ ਵਿਦਿਆਰਥੀ ਦਿਨ-ਰਾਤ ਮਿਹਨਤ ਕਰ ਕੇ ਇੱਕ ਉੱਜਵਲ ਭਵਿੱਖ ਦਾ ਸੁਪਨਾ ਦੇਖਦੇ ਹਨ ਪ੍ਰੰਤੂ ਪੇਪਰ ਮਾਫ਼ੀਆ ਤੇ ਭਿ੍ਸ਼ਟ ਪ੍ਰਣਾਲੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬਰਬਾਦ ਕਰ ਰਹੀ ਹੈ | ਇਸ ਦੁੱਖ ਤੋਂ ਪ੍ਰੇਰਿਤ ਚਾਰ ਨੌਜਵਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ ਜਿਸ ਲਈ ਭਾਜਪਾ ਸਰਕਾਰ ਅਤੇ ਸਿੱਖਿਆ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਿੱਖਿਆ ਪ੍ਰਣਾਲੀ ਨੂੰ ਪ੍ਰੀਖਿਆ ਮਾਫ਼ੀਆ ਦੇ ਹਵਾਲੇ ਕਰ ਦਿੱਤਾ ਹੈ | ਅੱਜ ਦੇਸ਼ ਦੇ ਨੌਜਵਾਨ ਮਾਨਸਿਕ ਤਣਾਅ, ਬੇਰੁਜ਼ਗਾਰੀ ਅਤੇ ਭਿ੍ਸ਼ਟ ਪ੍ਰਣਾਲੀ ਤੋਂ ਪੀੜਤ ਹਨ | ਲੱਖਾਂ ਵਿਦਿਆਰਥੀ ਕੋਚਿੰਗ ਸੈਂਟਰਾਂ ਵਿਚ ਸਾਲਾਂ ਤੋਂ ਸਖ਼ਤ ਮਿਹਨਤ ਕਰਦੇ ਹਨ ਤੇ ਪਰਿਵਾਰ ਆਪਣੀ ਬੱਚਤ ਆਪਣੇ ਬੱਚਿਆਂ ਦੀ ਸਿੱਖਿਆ 'ਤੇ ਖ਼ਰਚ ਕਰਦੇ ਹਨ | ਹਾਲਾਂਕਿ ਪੇਪਰ ਲੀਕ ਕਾਰਨ ਇਮਾਨਦਾਰ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੀ ਹੈ ਤੇ ਵਿਦਿਆਰਥੀਆਂ ਲਈ ਇਨਸਾਫ਼ ਲਈ ਲੜਦੀ ਰਹੇਗੀ | ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿਚ ਨੀਟ ਪੇਪਰ ਲੀਕ ਵਿਰੁੱਧ ਅੱਜ ਪਹਿਲਾ ਵੱਡਾ ਵਿਰੋਧ ਪ੍ਰਦਰਸ਼ਨ ਹੈ ਤੇ ਆਉਣ ਵਾਲੇ ਸਮੇਂ ਵਿਚ ਸੂਬੇ ਭਰ 'ਚ ਅੰਦੋਲਨ ਤੇਜ਼ ਕੀਤਾ ਜਾਵੇਗਾ | ਯੂਥ ਕਾਂਗਰਸ ਆਗੂਆਂ ਨੇ ਮੰਗ ਕੀਤੀ ਕਿ ਨੀਟ ਪੇਪਰ ਲੀਕ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਦੇ ਹੋਏ ਪੇਪਰ ਲੀਕ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪ੍ਰੀਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ |