ਜਲੰਧਰ, 29 ਮਈ (ਜਤਿੰਦਰ ਪੰਮੀ)-ਸ਼ਹਿਰ ਦੇ ਉਦਯੋਗਪਤੀਆਂ ਨੇ ਉਦਯੋਗ ਮੰਤਰੀ ਅਮਨ ਅਰੋੜਾ, ਡਾਇਰੈਕਟਰ ਇੰਡਸਟਰੀਜ਼ ਜਸਪ੍ਰੀਤ ਸਿੰਘ, ਅਮਿਤ ਢਾਕਾ ਸੀਈਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸਨ ਤੇ ਐਡਮਿਨਿਸਟ੍ਰੇਟਿਵ ਸਕੱਤਰ (ਪਲਾਨਿੰਗ), ਹਰਪ੍ਰੀਤ ਸਿੰਘ ਸੂਦਨ ਐੱਮ. ਡੀ. ਪੀ. ਐੱਸ. ਈ. ਆਈ. ਸੀ. ਨਾਲ ਮਹੱਤਵਪੂਰਨ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਉਦਯੋਗਾਂ ਨਾਲ ਸੰਬੰਧਿਤ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਖਾਸ ਤੌਰ 'ਤੇ ਨਵੀਂ ਉਦਯੋਗਿਕ ਨੀਤੀ ਵਿੱਚ ਈ. ਡੀ. ਸੀ. ਦੀ ਦਰ 11 ਲੱਖ ਪ੍ਰਤੀ ਏਕੜ ਬਹੁਤ ਜ਼ਿਆਦਾ ਹੋਣ ਦਾ ਮਸਲਾ ਉਠਾਇਆ ਗਿਆ, ਜਦਕਿ ਕਈ ਖੇਤਰਾਂ ਵਿੱਚ ਜ਼ਮੀਨ ਦੀ ਕੀਮਤ ਹੀ 8 ਤੋਂ 10 ਲੱਖ ਪ੍ਰਤੀ ਏਕੜ ਹੈ | ਇਸ ਦਰ ਨੂੰ ਘਟਾਉਣ ਦੀ ਮੰਗ ਰੱਖੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਦਯੋਗਪਤੀ ਰਾਜਨ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਫੋਕਲ ਪੁਆਇੰਟਾਂ ਦੀਆਂ ਸਮੱਸਿਆਵਾਂ, ਫੈਕਟਰੀ ਮੈਪਾਂ ਦੇ ਨਵੀਨੀਕਰਨ ਦਾ ਕੰਮ ਜ਼ਿਲ੍ਹਾ ਪੱਧਰ 'ਤੇ ਕਰਨ ਅਤੇ ਉਸ ਨੂੰ ਬਿਨਾਂ ਲੋੜ ਚੰਡੀਗੜ੍ਹ ਨਾ ਭੇਜਣ ਦੀ ਲੋੜ 'ਤੇ ਵੀ ਚਰਚਾ ਹੋਈ | ਨਾਲ ਹੀ ਪਹਿਲਾਂ 28 ਪੁਆਇੰਟਾਂ ਨੂੰ ਵਧਾ ਕੇ 160 ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ | ਉਦਯੋਗਪਤੀਆਂ ਨੇ ਉਦਯੋਗਾਂ 'ਤੇ ਹਾਲ ਹੀ ਵਿੱਚ ਰਾਤ ਸਮੇਂ ਹੋ ਰਹੀ ਬਿਜਲੀ ਕੱਟ 'ਤੇ ਵੀ ਚਿੰਤਾ ਪ੍ਰਗਟਾਈ ਅਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ | ਇਸ ਤੋਂ ਇਲਾਵਾ ਹੋਰ ਉਦਯੋਗਿਕ ਸਮੱਸਿਆਵਾਂ 'ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਪ੍ਰਮੁੱਖ ਉਦਯੋਗਪਤੀ ਨਰੇਸ਼ ਤਿਵਾਰੀ, ਸ਼ਾਂਤ ਗੁਪਤਾ, ਮੁਕੁਲ ਵਰਮਾ ਅਤੇ ਵਿਜੈ ਚੱਢਾ ਵੀ ਹਾਜ਼ਰ ਸਨ |