ਸ਼ਾਹਕੋਟ, 29 ਮਈ (ਦਲਜੀਤ ਸਿੰਘ ਸਚਦੇਵਾ)- ਭਾਜਪਾ ਹਾਈਕਮਾਂਡ ਵਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੇ ਫ਼ੈਸਲੇ ਦਾ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਭਰਵਾਂ ਸਵਾਗਤ ਕੀਤਾ ਹੈ | ਰਾਣਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਇਕ ਤਜ਼ਰਬੇਕਾਰ ਤੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਦਾ ਸਿਆਸੀ ਤਜਰਬਾ ਪਾਰਟੀ ਨੂੰ ਨਵੀਂ ਬੁਲੰਦੀਆਂ 'ਤੇ ਲੈ ਕੇ ਜਾਵੇਗਾ | ਢਿੱਲੋਂ ਦੇ ਸੂਬਾ ਪ੍ਰਧਾਨ ਬਣਨ ਨਾਲ ਪੰਜਾਬ ਵਿਚ ਭਾਜਪਾ ਦਾ ਸੰਗਠਨ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਵੇਗਾ | ਉਹ ਇਕ ਅਜਿਹੇ ਆਗੂ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੇ ਹਨ | ਰਾਣਾ ਹਰਦੀਪ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਭਾਜਪਾ ਦਾ 'ਮਿਸ਼ਨ 2027' ਪੂਰੀ ਤਰ੍ਹਾਂ ਸਫ਼ਲ ਹੋਵੇਗਾ | ਢਿੱਲੋਂ ਦੀ ਰਣਨੀਤੀ ਤੇ ਲੋਕਾਂ ਵਿਚ ਉਨ੍ਹਾਂ ਦੀ ਪਹੁੰਚ ਭਾਜਪਾ ਨੂੰ ਪੰਜਾਬ ਦੀ ਸੱਤਾ ਦੇ ਨੇੜੇ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ | ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ-ਪੱਖੀ ਯੋਜਨਾਵਾਂ ਨੂੰ ਪ੍ਰਧਾਨ ਢਿੱਲੋਂ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਵਲੋਂ ਹਰ ਘਰ ਤੱਕ ਪਹੁੰਚਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਭਾਜਪਾ ਦੀ ਰੂਪ-ਰੇਖਾ ਵਿਚ ਸਕਾਰਾਤਮਕ ਤਬਦੀਲੀ ਦੇਖਣ ਨੂੰ ਮਿਲੇਗੀ |