ਜਲੰਧਰ, 30 ਮਈ (ਪਵਨ ਖਰਬੰਦਾ)-ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦੀਆਂ ਰੱਦ ਹੋਈਆਂ ਅਤੇ ਹੋਲਡ ਕੀਤੀਆਂ ਗਈਆਂ ਵੋਟਾਂ ਦੇ ਸੰਬੰਧ 'ਚ ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਤਾਇਨਾਤ ਕੀਤੇ ਗਏ ਜ਼ੋਨਲ ਰਿਟਰਨਿੰਗ ਅਫਸਰ ਹੰਸਪਾਲ ਸਿੰਘ ਨੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨ ਭੱਲਾ ਦੀ ਅਗਵਾਈ 'ਚ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਗੱਲਬਾਤ ਕਰਦੇ ਹੋਏ ਜ਼ੋਨਲ ਰਿਟਰਨਿੰਗ ਅਫਸਰ ਹੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿੰਨ੍ਹਾਂ ਦੀਆਂ ਵੋਟਾਂ ਕਿਸੇ ਕਾਰਨਾ ਕਾਰਨ ਕੱਟ ਦਿੱਤੀਆਂ ਗਈਆਂ ਹਨ ਜਾ ਕਿਸੇ ਵੀ ਕਾਰਨ ਕਰਕੇ ਵੋਟਾਂ ਨੂੰ ਰੋਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਯੂਥ ਵਰਕਰਾਂ ਤੋੋਂ ਇਤਰਾਜ ਲਏ ਗਏ ਹਨ ਤੇ ਇਹ ਇਤਰਾਜ 3 ਜੂਨ ਤੱਕ ਲਏ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਆਗੂ ਜਾ ਵਰਕਰ ਦੀ ਵੋਟ ਸੰਬੰਧੀ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਉਸ ਨੂੰ ਦਰੂਸਤ ਕਰ ਦਿੱਤਾ ਜਾਵੇਗਾ ਤੇ ਜੂਨ ਮਹੀਨੇ ਦੀ 20 ਤਰੀਖ ਤੱਕ ਸੂਬਾ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੇ ਐਲਾਨ ਕਰ ਦਿੱਤੇ ਜਾਣਗੇ | ਇਸ ਦੌਰਾਨ ਹਾਜ਼ਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨ ਭੱਲਾ ਨੇ ਦੱਸਿਆ ਕਿ ਦਿਹਾਤੀ ਹਲਕੇ 'ਚ ਯੂਥ ਕਾਂਗਰਸ ਦੀਆਂ 60 ਫੀਸਦੀ ਤੋਂ ਵੱਧ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਆਦਮਪੁਰ 'ਚ 1402, ਕਰਤਾਰਪੁਰ 'ਚ 1639, ਨਕੋਦਰ 'ਚ 3918, ਫਿਲੌਰ 'ਚ 428 ਅਤੇ ਸ਼ਾਹਕੋਟ 'ਚ 850 ਵੋਟਾਂ ਕਿਸੇ ਕਾਰਨ ਕਰਕੇ ਕੱਟ ਦਿੱਤੀਆਂ ਗਈਆਂ ਹਨ ਜਾ ਉਨ੍ਹਾਂ ਨੂੰ ਰੋਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਯੂਥ ਆਗੂਆਂ ਤੇ ਵਰਕਰਾਂ ਵਲੋਂ ਆਪੋ ਆਪਣੇ ਇਤਰਾਜ ਜ਼ਮਾਂ ਕਰਵਾਏ ਜਾ ਰਹੇ ਹਨ ਤੇ ਉਹ ਹਾਈਕਮਾਂਡ ਤੋਂ ਮੰਗ ਕਰਦੇ ਹਨ ਕਿ ਰੱਦ ਕੀਤੀਆਂ ਗਈਆਂ ਵੋਟਾਂ ਨੂੰ ਪਹਿਲ ਦੇ ਆਧਾਰ 'ਤੇ ਦਰੂਸਤ ਕੀਤਾ ਜਾਵੇ |