ਮਕਸੂਦਾਂ, 31 ਮਈ (ਸੌਰਵ ਮਹਿਤਾ)-ਜਲੰਧਰ ਕਮਿਸ਼ਨਰੇਟ ਪੁਲਿਸ ਅਧੀਨ ਆਉਂਦੇ ਥਾਣਾ ਡਵੀਜ਼ਨ ਨੰਬਰ 8 ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ | ਪਠਾਨਕੋਟ ਚੌਂਕ ਨੇੜੇ ਡੀ-ਮਾਰਟ ਦੇ ਬਿਲਕੁਲ ਬਾਹਰ ਨੈਸ਼ਨਲ ਹਾਈਵੇ 'ਤੇ ਸ਼ਨੀਵਾਰ ਰਾਤ ਇੱਕ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ | ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਲਗਭਗ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਾਰ ਮੌਕੇ 'ਤੇ ਹੀ ਲਾਵਾਰਿਸ ਹਾਲਤ ਵਿੱਚ ਖੜ੍ਹੀ ਰਹੀ ਅਤੇ ਪੁਲਿਸ ਵੱਲੋਂ ਉਸ ਨੂੰ ਆਪਣੀ ਕਸਟਡੀ ਵਿੱਚ ਲੈਣ ਜਾਂ ਸੜਕ ਤੋਂ ਹਟਾਉਣ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਸ਼ਹਿਰ ਵਿੱਚ ਲੁੱਟ-ਖੋਹ, ਚੋਰੀ ਅਤੇ ਨਸ਼ੇੜੀਆਂ ਵੱਲੋਂ ਘਰਾਂ ਦੇ ਬਾਹਰ ਪਿਆ ਸਮਾਨ ਤੱਕ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉੱਥੇ ਇੱਕ ਹਾਦਸਾਗ੍ਰਸਤ ਕਾਰ ਦਾ ਇੰਨੇ ਲੰਬੇ ਸਮੇਂ ਤੱਕ ਨੈਸ਼ਨਲ ਹਾਈਵੇ 'ਤੇ ਲਾਵਾਰਿਸ ਖੜ੍ਹਾ ਰਹਿਣਾ ਪੁਲਿਸ ਦੀ ਗੰਭੀਰ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਦੇ ਵਿਚਕਾਰ ਜਾਂ ਕਿਨਾਰੇ ਖੜੀ ਇਹ ਨੁਕਸਾਨੀ ਕਾਰ ਕਿਸੇ ਵੀ ਸਮੇਂ ਹੋਰ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ | ਰਾਤ ਦੇ ਸਮੇਂ ਘੱਟ ਦਿੱਖ ਕਾਰਨ ਕੋਈ ਵਾਹਨ ਇਸ ਨਾਲ ਟਕਰਾ ਸਕਦਾ ਹੈ, ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਇਸ ਤੋਂ ਇਲਾਵਾ ਕਾਰ ਵਿੱਚ ਮੌਜੂਦ ਕੀਮਤੀ ਸਮਾਨ ਦੀ ਚੋਰੀ ਹੋਣ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਜੋ ਸੜਕ ਸੁਰੱਖਿਆ ਦੇ ਨਾਲ-ਨਾਲ ਲੋਕਾਂ ਦੀ ਸੰਪਤੀ ਦੀ ਰੱਖਿਆ ਵੀ ਹੋ ਸਕੇ | ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਿੱਚ ਪੁਲਿਸ ਦੀ ਸੁਸਤੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ | 31 ਮਕਸੂਦਾਂ04 ਲੋਕਲ