ਜਲੰਧਰ, 12 ਜੂਨ (ਸ਼ਿਵ)-ਬੀਤੀ ਰਾਤ ਭਾਰੀ ਕਈ ਘੰਟੇ ਤੱਕ ਪਏ ਮੀਂਹ ਕਾਰਨ ਸ਼ਹਿਰ ਜਲਥਲ ਹੋ ਗਿਆ ਸੀ | ਭਾਰੀ ਮੀਂਹ ਨਾਲ ਅੱਜ ਵੀ ਕਈ ਇਲਾਕਿਆਂ ਵਿਚ ਪਾਣੀ ਭਰਿਆ ਰਿਹਾ ਸੀ, ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸੇ ਤਰਾਂ ਨਾਲ ਮਧੂਬਨ ਕਾਲੋਨੀ ਤੋਂ ਇਲਾਵਾ ਬਸਤੀ ਮਿੱਠੂ ਬਸਤੀ ਵਿਚ ਵੀ ਅਜੇ ਤੱਕ ਪਾਣੀ ਭਰਿਆ ਸੀ | ਇਨ੍ਹਾਂ ਇਲਾਕਿਆਂ ਵਿਚ ਪਾਣੀ ਭਰਨ ਨਾਲ ਨਹਿਰਾ ਦਾ ਰੂਪ ਧਾਰਨ ਕਰ ਲਿਆ ਹੈ | ਨਗਰ ਨਿਗਮ ਅਜੇ ਤੱਕ ਤਾਂ ਅਗਲੇ ਮਹੀਨੇ ਆਉਣ ਵਾਲੀਆਂ ਬਰਸਾਤਾਂ ਦੀਆਂ ਤਿਆਰੀਆਂ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੈ ਤੇ ਉਸ ਨੇ ਕੁੱਝ ਦਿਨ ਪਹਿਲਾਂ ਹੀ ਉਨਾਂ ਇਲਾਕਿਆਂ ਦੀ ਪਹਿਚਾਣ ਕੀਤੀ ਸੀ ਜਿਹੜੇ ਕਿ ਬਰਸਾਤੀ ਪਾਣੀ ਵਿਚ ਡੁੱਬ ਜਾਂਦੇ ਹਨ | ਇਸ ਤੋਂ ਇਲਾਵਾ ਸੀਵਰਾਂ ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਲਈ ਕਰੋੜਾਂ ਰੁਪਏ ਦੇ ਕੰਮ ਵੀ ਅਲਾਟ ਕੀਤੇ ਗਏ ਹਨ | ਬੀਤੀ ਰਾਮ ਪਏ ਭਾਰੀ ਮੀਂਹ ਤੋਂ ਬਾਅਦ ਵੀ ਨਿਗਮ ਵਲੋਂ ਹੁਣ ਤਿਆਰੀਆਂ ਲਈ ਜੁੱਟ ਜਾਣਾ ਚਾਹੀਦਾ ਹੈ ਕਿਉਂਕਿ ਬੀਤੀ ਰਾਤ ਪਏ ਮੀਂਹ ਕਾਰਨ ਸ਼ਹਿਰ ਦੇ ਡੁੱਬਣ ਨੇ ਤਿਆਰੀਆਂ ਬਾਰੇ ਵੀ ਸਵਾਲ ਉਠਾਏ ਹਨ | ਉਧਰ ਸਮਾਜ ਸੇਵਿਕਾ ਬਲਬੀਰ ਕੌਰ ਦਾ ਕਹਿਣਾ ਸੀ ਕਿ ਅਜੇ ਤੱਕ ਸੀਵਰ ਸਿਸਟਮ ਸਹੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਿਆ ਹੈ ਜਿਸ ਕਰਕੇ ਕਈ ਇਲਾਕਿਆਂ ਵਿਚ ਪਾਣੀ ਭਰਿਆ ਹੈ | ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਜਿੱਥੇ ਟ੍ਰੈਫਿਕ ਪ੍ਰਭਾਵਿਤ ਰਿਹਾ ਤੇ ਉੱਥੇ ਕਾਫੀ ਸਮੇਂ ਤੱਕ ਪਾਣੀ ਖੜੇ ਰਹਿਣ ਕਰਕੇ ਕਈ ਸੜਕਾਂ ਉੱਖੜ ਗਈਆਂ ਸਗੋਂ ਜਲੰਧਰ ਤੋਂ ਲੰਘਦੇ ਹਾਈਵੇ 'ਤੇ ਵੀ ਕੁੱਝ ਸਮਾਂ ਪਹਿਲਾਂ ਲਗਾਏ ਗਏ ਪੈਚ ਵਰਕ ਵੀ ਉੱਖੜ ਗਏ | ਨਗਰ ਨਿਗਮ ਵਲੋਂ ਕੁੱਝ ਸਮਾਂ ਪਹਿਲਾਂ ਹੀ ਸੜਕਾਂ ਵਿਚ ਪੈਚਵਰਕ ਲਗਾਏ ਗਏ ਸਨ ਤੇ ਉਨਾਂ ਵਿਚ ਵੀ ਕਾਫੀ ਪੈਚ ਉੱਖੜ ਗਏ ਜਿਸ ਕਾਰਨ ਨਿਗਮ ਵਲੋਂ ਇਨ੍ਹਾਂ ਸੜਕਾਂ ਦੀ ਦੁਬਾਰਾ ਮੁਰੰਮਤ ਕਰਵਾਏ ਜਾਣ ਦੀ ਸੰਭਾਵਨਾ ਹੈ | ਬੀਤੀ ਰਾਤ ਆਏ ਝੱਖੜ ਨਾਲ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਲੰਬੇ ਸਮੇਂ ਤੱਕ ਬਿਜਲੀ ਬੰਦ ਰਹੀ | ਕਈ ਇਲਾਕਿਆਂ ਵਿਚ ਤਾਂ ਰਾਤ ਨੂੰ ਕਈ ਬਾਰ ਬਿਜਲੀ ਬੰਦ ਹੁੰਦੀ ਰਹੀ ਕਿਉਂਕਿ ਝੱਖੜ ਅਤੇ ਭਾਰੀ ਮੀਂਹ ਬਿਜਲੀ ਲਾਈਨਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ |