ਟਿੱਪਰ ਨਾਲ ਜ਼ਬਰਦਸਤ ਟੱਕਰ ਮਗਰੋਂ ਕਾਰ ਨੇ ਤੋੜੀਆਂ ਗਰਿੱਲਾਂ, ਚਾਰ ਮੈਂਬਰੀ ਪਰਿਵਾਰ ਚਮਤਕਾਰੀ ਢੰਗ ਨਾਲ ਬਚਿਆ
ਮਕਸੂਦਾਂ, 14 ਜੂਨ (ਸੌਰਵ ਮਹਿਤਾ)-ਪਠਾਨਕੋਟ ਚੌਂਕ ਨੇੜੇ ਰੇਰੂ ਚੂੰਗੀ ਵਿਖੇ ਐਤਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇਲਾਕੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ | ਟਿੱਪਰ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨੂੰ ਤੋੜਦੀ ਹੋਈ ਕਾਫ਼ੀ ਦੂਰ ਜਾ ਕੇ ਰੁਕੀ | ਹਾਦਸੇ ਦੀ ਭਿਆਨਕਤਾ ਨੂੰ ਦੇਖਦਿਆਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਇੱਕ ਪਲ ਲਈ ਲੱਗਾ ਕਿ ਕਾਰ ਵਿੱਚ ਸਵਾਰ ਲੋਕਾਂ ਦਾ ਬਚਣਾ ਮੁਸ਼ਕਿਲ ਹੈ, ਪਰ ਰੱਬ ਦਾ ਸ਼ੁਕਰ ਰਿਹਾ ਕਿ ਕਾਰ ਵਿੱਚ ਸਵਾਰ ਪੂਰਾ ਪਰਿਵਾਰ ਇਸ ਵੱਡੇ ਹਾਦਸੇ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਆਇਆ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਰਹਿਣ ਵਾਲੇ ਪੇਂਟ ਕਾਰੋਬਾਰੀ ਰੋਹਿਤ ਖੁੱਲਰ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਸਮੇਤ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਲੁਧਿਆਣਾ ਗਏ ਹੋਏ ਸਨ | ਐਤਵਾਰ ਨੂੰ ਉਹ ਆਪਣੇ ਪਰਿਵਾਰ ਨਾਲ ਲੁਧਿਆਣਾ ਤੋਂ ਵਾਪਸ ਗੁਰਦਾਸਪੁਰ ਲਈ ਰਵਾਨਾ ਹੋਏ ਸਨ | ਜਦੋਂ ਉਹ ਜਲੰਧਰ-ਪਠਾਨਕੋਟ ਮਾਰਗ 'ਤੇ ਸਥਿਤ ਰੇਰੂ ਚੁੂੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਇੱਕ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ | ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਭੋਗਪੁਰ ਵੱਲ ਜਾ ਰਹੀ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਘੁੰਮਦੀ ਹੋਈ ਮੁੜ ਜਲੰਧਰ ਵਾਲੇ ਪਾਸੇ ਆ ਗਈ | ਇਸ ਦੌਰਾਨ ਕਾਰ ਨੇ ਸੜਕ ਦੇ ਵਿਚਕਾਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨੂੰ ਵੀ ਤੋੜ ਦਿੱਤਾ | ਹਾਦਸੇ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ, ਜਿਸ ਕਾਰਨ ਆਸ-ਪਾਸ ਦੇ ਲੋਕ ਅਤੇ ਰਾਹਗੀਰ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ | ਲੋਕਾਂ ਨੇ ਤੁਰੰਤ ਕਾਰ ਵਿੱਚ ਸਵਾਰ ਪਰਿਵਾਰ ਦੀ ਮਦਦ ਕੀਤੀ ਅਤੇ ਉਨ੍ਹ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ | ਭਾਵੇਂ ਕਾਰ ਬੁਰੀ ਤਰ੍ਹ੍ਹਾਂ ਨੁਕਸਾਨੀ ਗਈ, ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ | ਕਾਰ ਚਾਲਕ ਰੋਹਿਤ ਖੁੱਲਰ ਨੂੰ ਕੁਝ ਮਾਮੂਲੀ ਸੱਟਾਂ ਆਈਆਂ, ਜਦਕਿ ਉਨ੍ਹ੍ਹਾਂ ਦੀ ਪਤਨੀ ਅਤੇ ਦੋਵੇਂ ਬੱਚੇ ਪੂਰੀ ਤਰ੍ਹ੍ਹਾਂ ਸੁਰੱਖਿਅਤ ਰਹੇ | ਮੌਕੇ 'ਤੇ ਮੌਜੂਦ ਲੋਕ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਸਨ ਕਿ ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਕਿਸੇ ਤਰ੍ਹ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ | ਉੱਧਰ, ਹਾਦਸੇ ਤੋਂ ਤੁਰੰਤ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਮੌਕੇ 'ਤੇ ਮੌਜੂਦ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਚਾਲਕ ਵੱਲੋਂ ਸ਼ਰਾਬ ਪੀਤੀ ਹੋਈ ਪ੍ਰਤੀਤ ਹੋ ਰਹੀ ਸੀ | ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਅਤੇ ਪੁਲਿਸ ਵੱਲੋਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਅਤੇ ਜ਼ਿੰਮੇਵਾਰੀ ਸਬੰਧੀ ਸਥਿਤੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ | ਫਿਲਹਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰਨ ਦੇ ਯਤਨ ਕੀਤੇ ਗਏ |
ਸੜਕ 'ਤੇ ਚੱਲ ਰਹੇ ਕੰਮ ਕਾਰਨ ਲੱਗਾ ਲੰਬਾ ਜਾਮ, ਰਾਹਗੀਰ ਹੋਏ ਖੱਜਲ-ਖੁਆਰ
ਰੇਰੂ ਚੂੰਗੀ ਇਲਾਕੇ ਵਿੱਚ ਪਹਿਲਾਂ ਤੋਂ ਹੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸੜਕ ਦਾ ਇੱਕ ਹਿੱਸਾ ਪ੍ਰਭਾਵਿਤ ਹੋਇਆ ਪਿਆ ਹੈ | ਇਸ ਦੌਰਾਨ ਵਾਪਰੇ ਭਿਆਨਕ ਹਾਦਸੇ ਨੇ ਟ੍ਰੈਫਿਕ ਪ੍ਰਬੰਧ ਨੂੰ ਹੋਰ ਵਿਗਾੜ ਦਿੱਤਾ | ਹਾਦਸੇ ਤੋਂ ਬਾਅਦ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਕਿਲੋਮੀਟਰ ਤੱਕ ਜਾਮ ਦੀ ਸਥਿਤੀ ਬਣ ਗਈ | ਗਰਮੀ ਦੇ ਮੌਸਮ ਵਿੱਚ ਜਾਮ ਵਿੱਚ ਫਸੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਪ੍ਰਭਾਵਸ਼ਾਲੀ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਜਾਮ ਕਾਫ਼ੀ ਦੇਰ ਤੱਕ ਬਣਿਆ ਰਿਹਾ | ਬਾਅਦ ਵਿੱਚ ਪੁਲਿਸ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਹੌਲੀ-ਹੌਲੀ ਆਵਾਜਾਈ ਨੂੰ ਮੁੜ ਸਧਾਰਨ ਕੀਤਾ ਗਿਆ |
ਮੌਤ ਨੂੰ ਮਾਤ ਦੇ ਕੇ ਪਰਤਿਆ ਪਰਿਵਾਰ, ਰੇਰੂ ਚੁੂੰਗੀ ਨੇੜੇ ਭਿਆਨਕ ਹਾਦਸੇ ਨੇ ਉਡਾਏ ਹੋਸ਼
ਅਜੀਤ ਡੈਸਕ
15-06-2026