ਜਲੰਧਰ, 29 ਜੂਨ (ਐੱਮ. ਐੱਸ. ਲੋਹੀਆ) - ਅਜ਼ਾਦੀ ਸੰਗਰਾਮ ’ਚ ਵਿਲੱਖਣ ਪੈੜਾਂ ਪਾਉਣ ਵਾਲੀ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਮਨਾਉਣ ਲਈ ਪਹਿਲੀ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਅੰਦਾਜ਼ ’ਚ ਮਨਾਉਣ ਅਤੇ ਇਸ ਸਬੰਧੀ ਵਿਚਾਰਾਂ ਸਾਂਝੀਆਂ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ‘ਚ ਪਰਿਵਾਰਾਂ, ਸੰਸਥਾਵਾਂ ਅਤੇ ਬੱਬਰਾਂ ਦੇ ਨਗਰਾਂ ਦੇ ਪ੍ਰਤੀਨਿਧੀਆਂ ਦੀ ਵਿਸ਼ੇਸ਼ ਮਿਲਣੀ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਬੱਬਰ ਲਹਿਰ ਦੇ ਸੂਰਮੇ ਅਮਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਅਤੇ ਹਾਜ਼ਰ ਸਭਨਾਂ ਨੇ ਖੜ੍ਹੇ ਹੋ ਕੇ ਬੱਬਰ ਸ਼ਹੀਦਾਂ ਨੂੰ ਸਿਜਦਾ ਕੀਤਾ। ਜਨਰਲ ਸਕੱਤਰ ਨੇ ਹਾਜ਼ਰ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਇਹ ਸ਼ਤਾਬਦੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹੀ ਜਾ ਸਕਦੀ ਹੈ। ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਦਾ ਮੰਤਵ, ਕਾਰਜ ਅਤੇ ਇਸ ਮੁਹਿੰਮ ’ਚ ਕਮੇਟੀ, ਬੱਬਰਾਂ ਦੇ ਪਿੰਡਾਂ, ਪਰਿਵਾਰਾਂ ਦੀ ਸਾਂਝ ਸਦਕਾ ਸਾਹਮਣੇ ਆਉਣ ਵਾਲੀ ਇਤਿਹਾਸਕ ਭੂਮਿਕਾ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਹੀ ਮੇਲੇ ਦੀ ਵਿਲੱਖਣ ਪ੍ਰਾਪਤੀ ਹੋਏਗੀ। ਬੱਬਰਾਂ ਦੇ ਵੱਖ-ਵੱਖ ਪਿੰਡਾਂ ਤੋਂ ਆਏ 50 ਤੋਂ ਵੱਧ ਪ੍ਰਤੀਨਿਧੀਆਂ ਨੇ ਬਹੁਤ ਹੀ ਅਮੁੱਲੜੇ ਵਿਚਾਰ ਸਾਂਝੇ ਕੀਤੇ ਅਤੇ ਸੁਝਾਅ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਬੱਬਰਾਂ ਨੇ ਜਿਵੇਂ ਆਜ਼ਾਦੀ ਲਹਿਰ ਲਈ ਸਭ ਕੁਝ ਕੁਰਬਾਨ ਕਰ ਦਿੱਤਾ, ਉਨ੍ਹਾਂ ਫਾਂਸੀਆਂ, ਉਮਰ ਕੈਦ, ਕਾਲ਼ੇ ਪਾਣੀ, ਤਸ਼ੱਦਦ ਝੱਲੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਅਥਾਹ ਕੁਰਬਾਨੀਆਂ ਕੀਤੀਆਂ, ਪਰ ਬੇਹੱਦ ਦੁੱਖ ਦੀ ਗੱਲ ਹੈ ਕਿ ਅੱਜ 100 ਵਰ੍ਹੇ ਬਾਅਦ ਵੀ ਵਿਦੇਸ਼ੀ ਸਾਮਰਾਜੀਏ, ਦੇਸੀ ਕਾਰਪੋਰੇਟ ਘਰਾਣੇ ਅਤੇ ਵੰਨ-ਸੁਵੰਨੀਆਂ ਲੋਟੂ ਹਾਕਮ ਜਮਾਤਾਂ ਲੋਕਾਂ ਦੇ ਮੋਢਿਆਂ ਉਪਰ ਸਵਾਰ ਹਨ। ਵਿਚਾਰ-ਚਰਚਾ ਉਪਰੰਤ ਸਾਰ-ਤੱਤ ਪੇਸ਼ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਬੱਬਰ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਲਈ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਢੁਕਵੀਆਂ ਪ੍ਰਚਾਰ ਸਮੱਗਰੀ ਲੋਕਾਂ ‘ਚ ਲਿਜਾਈ ਜਾਏ। ਉਨ੍ਹਾਂ ਅਪੀਲ ਕੀਤੀ ਕਿ ਗ਼ਦਰੀ ਬਾਬਿਆਂ ਦੇ ਮੇਲੇ ‘ਚ ਲੰਗਰ, ਵਲੰਟੀਅਰ ਅਤੇ ਲੋਕ-ਸ਼ਮੂਲੀਅਤ ਵੱਡੀ ਪੱਧਰ ‘ਤੇ ਕਰਾਉਣ ਲਈ ਬੱਬਰਾਂ ਦੇ ਪਿੰਡ ਅਤੇ ਸੰਸਥਾਵਾਂ ਅੱਗੇ ਆਉਣ। ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਵਿਜੇ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ 60 ਦੇ ਕਰੀਬ ਪ੍ਰਤੀਨਿਧੀਆਂ ਨੇ ਕਿਸੇ ਨਾ ਕਿਸੇ ਰੂਪ ’ਚ ਇਸ ਮਿਲਣੀ ਨੂੰ ਕਾਮਯਾਬ ਕਰਨ ਲਈ ਨਿੱਘਰ ਸੁਝਾਅ ਦਿੱਤੇ। ਜਿਨ੍ਹਾਂ ਲਈ ਕਮੇਟੀ ਆਗੂਆਂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੇ ਬੰਬੇਲੀ ਦੀ ਪੁਸਤਕ ‘ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ’ ਬੱਬਰਾਂ ਦੇ ਪਰਿਵਾਰਾਂ ਅਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਭੇਂਟ ਕੀਤੀ ਗਈ।