ਜਲੰਧਰ, 26 ਜੁਲਾਈ (ਜਸਪਾਲ ਸਿੰਘ)-ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਿਟਡ ਲੁਧਿਆਣਾ ਵਲੋਂ ਹਰ ਸਾਲ ਦਿੱਤੇ ਜਾਣ ਵਾਲਾ ‘ਸਾਹਿਤ ਸਦਭਾਵਨਾ ਪੁਰਸਕਾਰ-2026’ ਪੰਜਾਬੀ ਦੇ ਉੱਘੇ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਦਿੱਤਾ ਜਾਵੇਗਾ ਅਤੇ ਸੁਸਾਇਟੀ ਦੀ ਫੈਲੋਸ਼ਿਪ ਉੱਘੇ ਪੰਜਾਬੀ ਗ਼ਜ਼ਲਗੋ ਡਾ. ਤਰਲੋਕ ਸਿੰਘ ਆਨੰਦ ਨੂੰ ਦਿੱਤੀ ਜਾਏਗੀ। ‘ਸਾਹਿਤ ਸਦਭਾਵਨਾ ਪੁਰਸਕਾਰ’ ਵਿੱਚ 21000 ਰੁਪਏ ਨਗਦ ਅਤੇ ਸਨਮਾਨ ਚਿੰਨ, ਜਦੋਂ ਕਿ ਫੈਲੋਸ਼ਿਪ ਵਿਚ 11000 ਰੁਪਏ ਨਗਦ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਜਾਣਗੇ। ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਉੱਘੇ ਕਹਾਣੀਕਾਰ ਮੁਖਤਿਆਰ ਸਿੰਘ, ਉੱਘੇ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਉੱਘੇ ਕਵੀ ਅਤੇ ਆਲੋਚਕ ਡਾ.ਉਮਿੰਦਰ ਸਿੰਘ ਜੌਹਲ, ਪਰਮਜੀਤ ਕੌਰ ਅਤੇ ਸੁਸਾਇਟੀ ਦੇ ਸਕੱਤਰ ਜਸਪਾਲ ਸੋਨਾ ਪੁਰੇਵਾਲ ਸ਼ਾਮਿਲ ਹੋਏ। ਸੁਸਾਇਟੀ ਵੱਲੋਂ ਪੰਜਾਬੀ ਕਵਿਤਾ, ਪੰਜਾਬੀ ਕਹਾਣੀ, ਪੰਜਾਬੀ ਬਾਲ ਸਾਹਿਤ ਅਤੇ ਪੰਜਾਬੀ ਆਲੋਚਨਾ ਦੇ ਨਵੇਂ ਰੁਝਾਨਾਂ ਬਾਰੇ ਕਿਤਾਬਾਂ ਸੰਪਾਦਿਤ ਕਰਨ ਅਤੇ ਛਾਪਣ ਦਾ ਫੈਸਲਾ ਵੀ ਕੀਤਾ ਗਿਆ। ਡਾ.ਜੌਹਲ ਨੇ ਦੱਸਿਆ ਕਿ ਇਹ ਪੁਰਸਕਾਰ ਅਤੇ ਫੈਲੋਸ਼ਿਪ ਜਲਦੀ ਹੀ ਕੀਤੇ ਜਾਣ ਵਾਲੇ ਇਕ ਸਮਾਗਮ ਵਿੱਚ ਪ੍ਰਦਾਨ ਕੀਤੇ ਜਾਣਗੇ।