05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਉਦਯੋਗ ਤੇ ਵਪਾਰ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ - ਕੋਹਲੀ ਤੇ ਧੀਰ ਕਿਹਾ, ਸੈਂਟਰਲ ਤੇ ਨਾਰਥ ਹਲਕਿਆਂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਮੇਅਰ ਤੇ ਨੌਰਥ ਹਲਕਾ ਇੰਚਾਰਜ ਵਨੀਤ ਧੀਰ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗ ਅਤੇ ਵਪਾਰ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਉਦਯੋਗਾਂ ਲਈ ਅਨੁਕੂਲ ਮਾਹੌਲ ਸਿਰਜਣਾ ਸਰਕਾਰ ਦੇ ਮੁੱਖ ਉਦੇਸ਼ ਹਨ। ਦੋਵਾਂ ਆਗੂਆਂ ਨੇ ਇਹ ਪ੍ਰਗਟਾਵਾ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ (ਐੱਫ਼.ਆਈ.ਟੀ.) ਦੀ ਮਹੀਨਾਵਾਰ ਉਦਯੋਗਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੌਰਾਨ ਉਦਯੋਗਪਤੀਆਂ ਤੇ ਵਪਾਰੀਆਂ ਨੇ ਉਦਯੋਗਿਕ ਖੇਤਰਾਂ ਦੀਆਂ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਸਫ਼ਾਈ, ਪੀਣ ਵਾਲੇ ਪਾਣੀ, ਟਰੈਫਿਕ ਅਤੇ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਉਠਾਈਆਂ। ਦੋਵਾਂ ਆਗੂਆਂ ਨੇ ਭਰੋਸਾ ਦਿੱਤਾ ਕਿ ਸਾਰੇ ਜਾਇਜ਼ ਮਸਲਿਆਂ ਨੂੰ ਸਬੰਧਤ ਵਿਭਾਗਾਂ ਕੋਲ ਪਹਿਲ ਦੇ ਆਧਾਰ ‘ਤੇ ਉਠਾਇਆ ਜਾਵੇਗਾ ਅਤੇ ਉਨ੍ਹਾਂ ਦੇ ਸਮੇਂਬੱਧ ਹੱਲ ਲਈ ਲਗਾਤਾਰ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਦਈਪੁਰ ਵਿੱਚ ਪ੍ਰਸਤਾਵਿਤ ਨਵੇਂ ਬਿਜਲੀ ਸਬ-ਸਟੇਸ਼ਨ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾਣਗੇ। ਮੀਟਿੰਗ ਵਿੱਚ ਇੰਡਕਸ਼ਨ ਫਰਨੇਸ ਉਦਯੋਗਾਂ ‘ਤੇ ਲਾਗੂ ਕੀਤੇ ਗਏ ਸੈਕੰਡਰੀ ਐਮੀਸ਼ਨ ਕੰਟਰੋਲ ਡਿਵਾਈਸ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਐੱਫ਼.ਆਈ.ਟੀ. ਦੇ ਮੈਂਬਰਾਂ ਨੇ ਇਸ ਦੀਆਂ ਤਕਨੀਕੀ ਗੁੰਝਲਾਂ, ਭਾਰੀ ਲਾਗਤ ਅਤੇ ਮਾਈਕਰੋ ਤੇ ਸਮਾਲ ਫਾਊਂਡਰੀ ਉਦਯੋਗਾਂ ‘ਤੇ ਪੈਣ ਵਾਲੇ ਆਰਥਿਕ ਬੋਝ ਬਾਰੇ ਜਾਣੂ ਕਰਵਾਇਆ। ਇਸ ‘ਤੇ ਨਿਤਿਨ ਕੋਹਲੀ ਨੇ ਐੱਫ਼.ਆਈ.ਟੀ. ਦੇ ਪ੍ਰਧਾਨ ਸੁਨੀਲ ਸ਼ਰਮਾ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ, ਉਦਯੋਗ ਮੰਤਰੀ ਅਮਨ ਅਰੋੜਾ ਅਤੇ ਸਬੰਧਤ ਉੱਚ ਅਧਿਕਾਰੀਆਂ ਕੋਲ ਉਠਾ ਕੇ ਉਦਯੋਗ ਨੁਮਾਇੰਦਿਆਂ ਦੀ ਉੱਚ ਪੱਧਰੀ ਮੀਟਿੰਗ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਵਨੀਤ ਧੀਰ ਨੇ ਗਦਈਪੁਰ ਅਤੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਵਿੱਚ ਸੀਵਰੇਜ ਦੀ ਸਫ਼ਾਈ ਲਈ ਜਲਦੀ ਸੁਪਰ ਸਕਸ਼ਨ ਮਸ਼ੀਨ ਭੇਜਣ ਦਾ ਭਰੋਸਾ ਵੀ ਦਿੱਤਾ, ਤਾਂ ਜੋ ਸੀਵਰੇਜ ਜਾਮ ਅਤੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਸੀਨੀਅਰ ‘ਆਪ’ ਆਗੂ ਦਿਨੇਸ਼ ਢੱਲ ਨੇ ਵੀ ਮੀਟਿੰਗ ਵਿੱਚ ਰੱਖੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਨਿਤਿਨ ਕੋਹਲੀ ਨੇ ਕਿਹਾ ਕਿ ਉਦਯੋਗਿਕ ਸਮੱਸਿਆਵਾਂ ਦੀ ਵਿਭਾਗਵਾਰ ਸਮੀਖਿਆ ਲਈ ਜਲਦੀ ਹੀ ਮੇਅਰ, ਨਗਰ ਨਿਗਮ, ਉਦਯੋਗ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਐੱਫ਼.ਆਈ.ਟੀ. ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਕਰਵਾਈ ਜਾਵੇਗੀ, ਜਿਸ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਅਤੇ ਸਮੱਸਿਆਵਾਂ ਦੇ ਹੱਲ ਲਈ ਸਮਾਂ-ਸੀਮਾ ਵੀ ਨਿਰਧਾਰਤ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਸੂਰਿਆ ਐਨਕਲੇਵ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਤੀਸ਼ ਅਗਰਵਾਲ, ਤਿਲਕ ਉਦਯੋਗ ਦੇ ਮਾਲਕ ਗੁਲਸ਼ਨ ਅਗਰਵਾਲ ਅਤੇ ਹੋਰਨਾਂ ਵੱਲੋਂ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੀ ਰਾਮ ਮੰਦਰ ਛੋਟੀ ਅਯੁੱਧਿਆ ਕਮੇਟੀ ਵੱਲੋਂ ਸਮਾਜਸੇਵੀ ਅਤੇ ਪ੍ਰਕਾਸ਼ ਆਈਸਕ੍ਰੀਮ ਦੇ ਮਾਲਕ ਪਵਨ ਸੇਤੀਆ, ਕੋਹਿਨੂਰ ਸੈਨੇਟਰੀ ਦੇ ਅਰਵਿੰਦ ਗੁਪਤਾ, ਪਰਮਾਰ, ਸੰਜੀਵ ਗੁਪਤਾ, ਰਾਹੁਲ ਟੰਡਨ ਅਤੇ ਹੋਰਨਾਂ ਨੇ ਵੀ ਦੋਵਾਂ ਆਗੂਆਂ ਦਾ ਸਵਾਗਤ ਅਤੇ ਸਨਮਾਨ ਕੀਤਾ। ਐੱਫ਼.ਆਈ.ਟੀ. ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਫੈਡਰੇਸ਼ਨ ਉਦਯੋਗ ਅਤੇ ਵਪਾਰ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸਮਾਜ ਭਲਾਈ, ਰੁੱਖ ਲਗਾਉਣ, ਸੁਰੱਖਿਆ, ਸਿੱਖਿਆ ਅਤੇ ਉਦਯੋਗਿਕ ਐਕਸਪੋਜ਼ਰ ਦੌਰਿਆਂ ਵਰਗੇ ਲੋਕ-ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ। ਮੀਟਿੰਗ ਵਿੱਚ ਐੱਫ਼.ਆਈ.ਟੀ. ਦੇ ਚੇਅਰਮੈਨ ਮਨਿੰਦਰ ਸ਼ਰਮਾ, ਜਨਰਲ ਸਕੱਤਰ ਨਵਨੀਤ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਉਦਯੋਗਪਤੀ ਤੇ ਵਪਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 14 ਹਫ਼ਤੇ ਵੀ ਨਹੀਂ ਕੱਢ ਸਕੀ ਬੈਲੀ ਵਿਊ ਵਾਲੀ ਸੜਕ ਕੌਂਸਲਰ ਪਵਨ ਕੁਮਾਰ ਨੇ ਠੀਕ ਕਰਵਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਅੱਜ ਹੋਵੇਗਾ ਪੰਜਾਬ ਬੰਦ-ਰਮੇਸ਼ ਗੈਚੰਡ
Ad Position 24
No active advertisement