ਏ. ਡੀ. ਸੀ. ਪੇਂਡੂ ਵਿਕਾਸ ਦੇ ਦਫ਼ਤਰ ਬਾਹਰ ਹੈ ਵਿਕਾਸ ਦੀ ਲੋੜ, ਡੂੰਘੇ ਟੋਏ ਬਣ ਰਹੇ ਪ੍ਰੇਸ਼ਾਨੀ ਦਾ ਕਾਰਨ
ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬੰਦ ਹੋਣ ਕਾਰਨ ਥੋੜ੍ਹੇ ਜਿਹੇ ਮੀਂਹ ਨਾਲ ਵੀ ਭਰ ਜਾਂਦਾ ਹੈ ਪਾਣੀ
ਜਲੰਧਰ, 12 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹੇ ਦੇ ਦਿਹਾਤੀ ਖੇਤਰ ਲਈ ਵਿਕਾਸ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਸਥਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ ਦੇ ਬਾਹਰਲੀ ਹਾਲਤ ਵੇਖ ਕੇ ਲੱਗ ਰਿਹਾ ਹੈ ਕਿ ਇਸ ਨੂੰ ਵਿਕਾਸ ਦੀ ਲੋੜ ਹੈ। ਇੱਥੇ ਪਿਛਲੇ ਕਾਫੀ ਸਮੇਂ ਤੋਂ ਸੜਕ ਟੁੱਟੀ ਹੋਈ ਹੈ ਤੇ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਇਨ੍ਹਾਂ ਟੋਇਆਂ ’ਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਵੀ ਬਰਸਾਤੀ ਪਾਣੀ ਭਰ ਜਾਂਦਾ ਹੈ।
ਜਲੰਧਰ, 12 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹੇ ਦੇ ਦਿਹਾਤੀ ਖੇਤਰ ਲਈ ਵਿਕਾਸ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਸਥਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ ਦੇ ਬਾਹਰਲੀ ਹਾਲਤ ਵੇਖ ਕੇ ਲੱਗ ਰਿਹਾ ਹੈ ਕਿ ਇਸ ਨੂੰ ਵਿਕਾਸ ਦੀ ਲੋੜ ਹੈ। ਇੱਥੇ ਪਿਛਲੇ ਕਾਫੀ ਸਮੇਂ ਤੋਂ ਸੜਕ ਟੁੱਟੀ ਹੋਈ ਹੈ ਤੇ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਇਨ੍ਹਾਂ ਟੋਇਆਂ ’ਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਵੀ ਬਰਸਾਤੀ ਪਾਣੀ ਭਰ ਜਾਂਦਾ ਹੈ। ਪਾਣੀ ਕਾਰਨ ਜਿੱਥੇ ਏ. ਡੀ. ਸੀ. ਦਫ਼ਤਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਦਫ਼ਤਰ ’ਚ ਤਾਇਨਾਤ ਮੁਲਾਜ਼ਮਾਂ ਵੀ ਕਾਫੀ ਸਮੱਸਿਆ ਆਉਂਦੀ ਹੈ। ਦੱਸਣਯੋਗ ਹੈ ਕਿ ਇਸ ਥਾਂ ’ਤੇ ਕਾਫੀ ਸਾਲ ਪਹਿਲਾਂ ਵੀ ਅਜਿਹੀ ਹੀ ਸਮੱਸਿਆ ਬਣੀ ਹੋਈ ਸੀ, ਜਿਸ ਨੂੰ ਦੇਖਦੇ ਹੋਏ ਉਸ ਵੇਲੇ ਦੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂੁਰੀ ਨੇ 2019 ਵਿੱਚ ਇੱਥੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਤੇ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਇਆ ਸੀ। ਇਹ ਸਿਸਟਮ ਲੱਗਣ ਤੋਂ ਬਾਅਦ ਕੁਝ ਸਾਲ ਇਸ ਦਫ਼ਤਰ ਦੇ ਮੁਲਾਜ਼ਮਾਂ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਪਰ ਇਸ ਦੀ ਸਾਫ਼-ਸਫਾਈ ਨਾ ਹੋਣ ਕਾਰਨ ਪਿਛਲੇ ਸਾਲਾਂ ਤੋਂ ਇਹ ਸਿਸਟਮ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ, ਜਿਸ ਕਾਰਨ ਬਰਸਾਤ ਦਾ ਪਾਣੀ ਕਈ-ਕਈ ਦਿਨ ਇੱਥੇ ਖੜ੍ਹਾ ਰਹਿੰਦਾ ਹੈ, ਜਿਸ ਨਾਲ ਜਿੱਥੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਉਥੇ ਹੀ ਮੱਛਰ ਪੈਦਾ ਹੋਣ ਨਾਲ ਬਿਮਾਰੀਆਂ ਦਾ ਖ਼ਤਰਾ ਵੀ ਪੈਦਾ ਹੋ ਜਾਂਦਾ ਹੈ। ਇਹ ਸਮੱਸਿਆ ਪਹਿਲਾਂ ਵੀ ਜ਼ਿਲ੍ਹਾ ਨਾਜ਼ਰ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਇਸ ਸੰਬੰਧੀ ਗੱਲ ਕਰਨ ’ਤੇ ਜ਼ਿਲ੍ਹਾ ਨਾਜ਼ਰ ਮਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਕੰਮ ਕਰਵਾਉਣ ਲਈ ਏ. ਡੀ. ਸੀ. (ਪੇਂਡੂ ਵਿਕਾਸ) ਦੇ ਦਫ਼ਤਰ ਨੂੰ ਪੀ. ਡਬਲਿਊ. ਡੀ. ਜਾਂ ਨਗਰ ਨਿਗਮ ਨਾਲ ਸੰਪਰਕ ਕਰਨ ਆਖਿਆ ਹੋਇਆ ਹੈ। ਓਧਰ ਇਸ ਸੰੰਬੰਧੀ ਸੰਪਰਕ ਕਰਨ ’ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਕਿਹਾ ਕਿ ਉਨ੍ਹਾਂ ਦੇ ਸਟਾਫ ਨੂੰ ਮੀਂਹ ਦਾ ਪਾਣੀ ਭਰਨ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪੀ. ਡਬਲਿਊ. ਡੀ. ਨੂੰ ਇਸ ਦੀ ਮੁਰੰਮਤ ਕਰਨ ਲਈ ਕਹਿ ਦਿੱਤਾ ਹੈ ਅਤੇ ਇਸ ਸੰਬੰਧੀ ਲਿਖਤੀ ਪੱਤਰ ਵੀ ਜਾਰੀ ਕੀਤਾ ਜਾਵੇਗਾ।