ਰਾਜਿੰਦਰਜੀਤ ਨੇ ਅਜੇ ਜੀਵਨ ਦੇ ਪੰਜ ਦਹਾਕੇ ਪਾਰ ਕੀਤੇ ਹਨ, ਪਰ ਉਸ ਦੀ ਗ਼ਜ਼ਲ ਨੇ ਜੋ ਬ੍ਰਹਿਮੰਡ ਸਿਰਜੇ ਹਨ, ਉਨ੍ਹਾਂ ਨੂੰ ਦੇਖਦਿਆਂ ਅਚੰਭਤ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਗ਼ਜ਼ਲਾਂ ਵਿਚ ਉਹ ਕਾਇਨਾਤ ਤੇ ਮੁਹੱਬਤ ਨੂੰ ਤਿੱਤਲੀਆਂ ਦੇ ਪਰਾਂ ਵਰਗੀ ਛੋਹ ਦਿੰਦਾ ਹੈ ਤੇ ਉਨ੍ਹਾਂ ਦੇ ਰੰਗਾਂ ਵਿਚ ਗੁਆਚ ਜਾਂਦਾ ਹੈ। ਜ਼ਿੰਦਗੀ ਦੀਆਂ ਤਿਰਵੰਜਾ ਬਹਾਰਾਂ ਤੇ ਪੱਤਝੜਾਂ ਹੰਢਾ ਚੁੱਕੇ ਇਸ ਗ਼ਜ਼ਲਕਾਰ ਦੀ ਗ਼ਜ਼ਲ ਦਾ ਲਿਬਾਸ ਨਾ ਭੜਕੀਲਾ ਹੁੰਦਾ ਹੈ ਤੇ ਨਾ ਏਨਾ ਮੱਧਮ ਕਿ ਉਸ 'ਤੇ ਕਿਸੇ ਦੀ ਨਿਗ੍ਹਾ ਹੀ ਨਾ ਜਾਵੇ। ਗ਼ਜ਼ਲ ਦੀ ਸਿਰਜਣਾ ਕਰਦਿਆਂ ਉਸ ਦੀ ਇਬਾਰਤ ਨਵੀਂ ਨਕੋਰ ਹੁੰਦੀ ਹੈ ਤੇ ਬਹੁਤ ਹੀ ਘੱਟ ਵਰਤੇ ਸ਼ਬਦ ਅਕਸਰ ਅਛੋਪਲੇ ਜਿਹੇ ਉਸ ਦੇ ਸ਼ਿਅਰਾਂ ਵਿਚ ਸ਼ਾਮਿਲ ਹੋ ਜਾਂਦੇ ਹਨ। ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਨਜ਼ਦੀਕ ਰਹਿ ਰਹੇ ਰਾਜਿੰਦਰਜੀਤ ਦਾ ਜਨਮ ਫ਼ਿਰੋਜ਼ਪੁਰ ਦਾ ਹੈ ਤੇ ਪਿਛੋਕੜ ਕੋਟਕਪੂਰੇ ਦਾ। ਇੰਗਲੈਂਡ ਦੀਆਂ ਅਦਬੀ ਸਰਗਰਮੀਆਂ ਵਿਚ ਵੀ ਉਹ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਪੇਸ਼ ਹਨ ਇਸ ਗ਼ਜ਼ਲਕਾਰ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ।
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ।
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ,
ਕਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ।
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ,
ਕਿ ਪਰਤ ਆਉਣ ਦੀ ਮੇਰੀ ਦੁਆ ਕਬੂਲ ਕਰੋ।
ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚੱਲਦਾ,
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ।
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ,
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ।
ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ,
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ।
*
*
ਜਦੋਂ ਚਾਨਣ ਦੀ ਖ਼ਾਹਿਸ਼ ਮਨ ਦੀ ਇਸ ਮਮਟੀ 'ਤੇ ਆ ਬੈਠੇ।
ਤਾਂ ਮੁਮਕਿਨ ਹੈ ਕਿ ਸੂਰਜ ਹੀ ਮੇਰੀ ਖਿੜਕੀ 'ਤੇ ਆ ਬੈਠੇ।
ਹਵਾ ਨੂੰ ਹੀ ਨਹੀਂ, ਇਹ ਤਾਂ ਸ੍ਰਿਸ਼ਟੀ ਨੂੰ ਵੀ ਮਿਹਣਾ ਹੈ,
ਪਰਿੰਦਾ ਉੱਡਣਾ ਛੱਡ ਕੇ ਜਦੋਂ ਧਰਤੀ 'ਤੇ ਆ ਬੈਠੇ।
ਉਦੋਂ ਸਮਝੀਂ ਮੈਂ ਚੇਤੇ ਕਰ ਰਿਹਾਂ ਤੈਨੂੰ, ਜਦੋਂ ਕਿਧਰੇ,
ਕਿਸੇ ਬੱਦਲੀ ਦਾ ਪਰਛਾਵਾਂ ਤੇਰੀ ਚੁੰਨੀ 'ਤੇ ਆ ਬੈਠੇ।
ਉਮਰ ਭਰ ਤੁਰਦਿਆਂ ਹੋਇਆਂ ਕਦੇ ਐਸਾ ਵੀ ਹੋ ਸਕਦੈ,
ਕਿ ਮੰਜ਼ਿਲ ਖ਼ੁਦ ਤੁਹਾਥੋਂ ਸਾਹ ਕੁ ਦੀ ਦੂਰੀ 'ਤੇ ਆ ਬੈਠੇ।
ਖਿਲਾਰਾਂ ਚੋਗ ਮੈਂ ਹੱਥੀਂ ਜਦੋਂ ਸੁੱਚੀ ਮੁਹੱਬਤ ਦੀ,
ਮੇਰੇ ਵਿਹੰਦੇ ਸਗਲ ਅੰਬਰ ਮੇਰੀ ਛਤਰੀ 'ਤੇ ਆ ਬੈਠੇ।
ਉਦੋਂ ਆਸ਼ਿਕ ਦਾ ਮਰਨਾ ਹੋਰ ਵੀ ਤਕਲੀਫ਼-ਦੇਹ ਹੁੰਦੈ,
ਜਦੋਂ ਉੱਡਦੀ ਹੋਈ ਤਿਤਲੀ ਉਹਦੀ ਸੂਲੀ 'ਤੇ ਆ ਬੈਠੇ।