ਸਾਡੀ ਰਿਸ਼ਤੇਦਾਰੀ ਵਿਚ ਇਕ ਕੁੜੀ ਦਾ ਵਿਆਹ ਸੀ। ਅੱਜਕਲ੍ਹ ਵਿਆਹ 4-5 ਦਿਨ ਚੱਲਦੇ ਐ।
ਪਹਿਲਾਂ ਜਦੋਂ ਵਿਆਹ ਹੁੰਦਾ ਸੀ ਤਾਂ ਘਰ ਦਿਆਂ ਨੂੰ, ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਹਿਲਾਂ ਈ ਚਿੰਤਾ ਬਣ ਜਾਂਦੀ ਸੀ ਕਿ ਕਿਹੜਾ ਕੰਮ ਕੌਣ ਕਰੂ। ਕਿਸੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਲਾਵਾਂਗੇ।
ਮੈਂ ਆਪਣੇ ਘਰ ਨੋਟ ਕਰ ਰਿਹਾ ਸੀ ਕਿ ਸਾਰਿਆਂ ਨੂੰ ਇਹ ਚਿੰਤਾ ਸੀ ਕਿ ਕਿਹੜੇ ਫੰਕਸ਼ਨ 'ਤੇ ਕਿਹੜੀ ਡ੍ਰੈੱਸ ਪਾਉਣੀ ਐਂ। ਉਸ ਦੇ ਨਾਲ-ਨਾਲ ਮੋਬਾਈਲ ਤੇ ਚਾਰਜਰ ਜ਼ਰੂਰ ਸੰਭਾਲ ਕੇ ਪਾ ਲਿਓ। ਮੇਰੇ ਬੇਟੇ ਪ੍ਰਤੀਕ ਨੇ ਤਾਂ ਪਾਵਰ ਬੈਂਕ ਵੀ ਨਾਲ ਲੈ ਲਿਆ ਸੀ, ਕਹਿੰਦਾ ਪਾਪਾ ਜੀ ਪਤਾ ਨੀਂ ਹੁੰਦਾ ਕਈ ਵਾਰ ਲਾਈਟ ਈ ਚਲੀ ਜਾਂਦੀ ਐ।
ਵਿਆਹ ਦਾ ਦਿਨ ਨੇੜੇ ਆ ਗਿਆ ਸੀ। ਮੈਂ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਪਹੁੰਚਿਆ। ਸਾਰੇ ਫੰਕਸਨ ਬਹੁਤ ਵਧੀਆ ਚਲ ਰਹੇ ਸੀ। ਬਹੁਤ ਈ ਖ਼ੁਸ਼ੀ ਦਾ ਮਾਹੌਲ ਸੀ। ਦਾਰੂ ਸਿੱਕੇ ਵਾਲੇ ਆਪਣੀ ਰੌਣਕ ਲਾ ਰਹੇ ਸੀ। ਜ਼ਨਾਨੀਆਂ ਸ਼ਗਨਾਂ ਦੇ ਗੀਤ ਗਾ ਰਹੀਆਂ ਸਨ। ਮੇਰਾ ਰਿਸ਼ਤੇ ਵਿਚ ਇਕ ਪੋਤਾ ਲਗਦੈ, ਮੈਨੂੰ ਆ ਕੇ ਪੁੱਛਦੈ, ਅੰਕਲ ਜੀ ਤੁਹਾਡੇ ਕੋਲ ਚਾਰਜਰ ਹੈ।
'ਹਾਂ ਪੁੱਤ ਹੈ', ਕਹਿ ਕੇ ਮੈਂ ਆਪਣਾ ਗੋਲ ਪਿੰਨ ਵਾਲਾ ਚਾਰਜਰ ਦੇ ਦਿੱਤਾ।
ਉਹ ਤਾਂ ਚਾਰਜਰ ਫੜ ਕੇ ਉਹਨੂੰ ਘੁਮਾ-ਘੁਮਾ ਕੇ ਵੇਖੀ ਜਾਵੇ ਤੇ ਮੈਨੂੰ ਕਹਿੰਦਾ ਅੰਕਲ ਮੈਂ ਤਾਂ ਇਸ ਤਰ੍ਹਾਂ ਦਾ ਚਾਰਜਰ ਪਹਿਲਾਂ ਵੇਖਿਆ ਨਹੀਂ।
ਤੂੰ ਨਹੀਂ ਵੇਖਿਆ ਹੋਣਾ ਪੁੱਤ ਮੈਨੂੰ ਤਾਂ ਇਹਨੂੰ ਵੇਖਦੇ ਨੂੰ 30 ਸਾਲ ਹੋ ਗਏ, ਮੈਂ ਮਜ਼ਾਕ ਵਿਚ ਕਿਹਾ।
30 ਸਾਲ ਉਸ ਨੇ ਬਹੁਤ ਹੀ ਹੈਰਾਨੀ ਨਾਲ ਪੁੱਛਿਆ। ਮੈਂ ਜਦੋਂ ਆਪਣਾ ਛੋਟਾ ਜਿਹਾ ਮੋਬਾਈਲ ਉਸ ਨੂੰ ਫੜਾਇਆ ਤਾਂ ਉਸ ਨੇ ਮੋਬਾਈਲ ਨੂੰ ਬਹੁਤ ਈ ਹੈਰਾਨੀ ਨਾਲ ਵੇਖ ਕੇ ਮੈਨੂੰ ਵਾਪਸ ਕਰਕੇ ਆਪ ਚਲਿਆ ਗਿਆ।
ਵਿਆਹ ਵਾਲਾ ਦਿਨ ਆ ਗਿਆ। ਬਾਰਾਤ ਆਉਣ ਵਾਲੀ ਸੀ। ਲੜਕੀ ਦਾ ਬਾਪ ਘਬਰਾਇਆ ਜਿਹਾ ਫਿਰੇ। ਮੈਂ ਆਪਣੇ ਘਰਵਾਲੀ ਨੂੰ ਕਿਹਾ, ਵੇਖ ਵਿਚਾਰਾ ਕਿੰਨੀ ਚਿੰਤਾ ਵਿਚ ਘੁੰਮ ਰਿਹੈ, ਕੋਈ ਅੜਚਨ ਨਾ ਪੈ ਜਾਵੇ, ਸਭ ਕੁਝ ਠੀਕ-ਠਾਕ ਹੋ ਜਾਵੇ।
ਆਖਿਰ ਮੈਂ ਬੁਲਾ ਕੇ ਹੌਸਲਾ ਦਿੱਤਾ। ਪੁੱਤ ਘਬਰਾਈ ਦਾ ਨਹੀਂ, ਵਾਹਿਗੁਰੂ ਸਭ ਠੀਕ ਕਰੂ, ਕੋਈ ਮੇਰੇ ਕਰਨ ਵਾਲਾ ਕੰਮ ਐਂ ਤਾਂ ਦੱਸ।
ਨਹੀਂ ਨਹੀਂ ਚਾਚਾ ਜੀ ਤੁਹਾਡੇ ਆਸ਼ੀਰਵਾਦ ਨਾਲ ਸਭ ਠੀਕ ਚੱਲ ਰਿਹੈ। ਮੇਰੇ ਤਾਂ ਮੋਬਾਈਲ ਦੀ ਬੈਟਰੀ 10 ਫ਼ੀਸਦੀ ਰਹਿ ਗਈ, ਚਾਰਜਰ ਪਤਾ ਨਹੀਂ ਕਿੱਥੇ ਰੱਖ ਲਿਆ। ਸਾਰਿਆਂ ਦੇ ਨੰਬਰ ਮੋਬਾਈਲ ਵਿਚ ਈ ਐ। ਜੇ ਇਹ ਬੰਦ ਹੋ ਗਿਆ ਤਾਂ ਔਖਾ ਹੋਜਾਊ।
ਅਸੀਂ ਦੋਵਾਂ ਨੇ ਇਕ-ਦੂਜੇ ਦੇ ਮੂੰਹ ਵੱਲ ਵੇਖਿਆ ਕਿ ਟੈਨਸ਼ਨ ਤਾਂ ਇਸ ਦੀ ਸੱਚੀ ਐ। ਐਨੇ ਨੂੰ ਲੱਕੀ ਆ ਕੇ ਮੈਨੂੰ ਪੁੱਛਦੈ, ਚਾਚਾ ਜੀ ਤੁਹਾਡੇ ਕੋਲ ਸੀ-ਟਾਈਪ ਚਾਰਜਰ ਹੈ।
ਪੁੱਤ ਟਾਈਪ ਦਾ ਤਾਂ ਮੈਨੂੰ ਪਤਾ ਨਹੀਂ, ਹਾਂ ਆਹ ਚਾਰਜਰ ਲੈ ਲਾ ਮੈਂ ਅਜੇ ਚਾਰਜਰ ਕੱਢਿਆ ਈ ਸੀ। ਅੱਛਾ-ਅੱਛਾ ਕੋਈ ਨੀ, ਕੋਈ ਨੀ ਬਸ ਚਲ ਗਿਆ ਕੰਮ। ਕਹਿ ਕੇ ਬਿਨਾਂ ਵੇਖੇ ਈ ਚਲਾ ਗਿਆ।
ਮੈਂ ਆਪਣੀ ਮੈਡਮ ਨੂੰ ਪੁੱਛਿਆ, 'ਇਕ ਗੱਲ ਦੱਸ ਯਾਰ, ਇਹ ਸਾਰੇ ਮੇਰਾ ਮੋਬਾਈਲ ਮੇਰਾ ਚਾਰਜਰ ਵੇਖ ਕੇ ਐਂ ਕਿਉਂ ਕਰਦੇ ਐ।'
ਹੋਰ ਕੀ ਕਰਨ, ਤੁਸੀਂ ਵੀ ਤਾਂ ਬਾਬੇ ਆਦਮ ਦੇ ਵੇਲੇ ਦਾ ਮੋਬਾਈਲ ਰੱਖਿਐ... ਕਿੰਨੀ ਵਾਰੀ ਕਿਹੈ ਇਹਨੂੰ ਬਦਲ ਲਓ, ਨਹੀਂ ਕੋਈ ਨੀ ਚੱਲੀ ਜਾਂਦੈ ਕੰਮ। ਤੁਸੀਂ ਨਜ਼ਰ ਮਾਰੋ ਪੂਰੇ ਫੰਕਸ਼ਨ 'ਚ ਕਿਸੇ ਕੋਲ ਵੀ ਇਸ ਨਾਲ ਦਾ ਮੋਬਾਈਲ।
ਬਾਰਾਤ ਆ ਚੁੱਕੀ ਸੀ। ਮੈਂ ਵੇਖਿਆ ਵਿਚੋਲਾ ਗੁਆਚਿਆ ਜਾ ਫਿਰੇ। ਮੈਂ ਮੈਡਮ ਨੂੰ ਕਿਹਾ, ਵੇਖ ਇਸ ਨੂੰ ਕਹਿੰਦੇ ਐ ਜ਼ਿੰਮੇਵਾਰੀ, ਵਿਚਾਰਾ ਕਿਵੇਂ ਘਬਰਾਇਆ ਫਿਰਦੈ, ਬਈ ਕਿਤੇ ਕੋਈ ਅਲਾਂਬੇ ਵਾਲਾ ਕੰਮ ਨਾ ਹੋ ਜਾਵੇ।
ਐਨੇ ਨੂੰ ਵਿਚੋਲਾ ਮੇਰੇ ਕੋਲ ਆ ਗਿਆ, ਮੈਂ ਦਿੰਨਾ ਪੁੱਤ ਹੌਸਲਾ ਰੱਖੀ ਦੈ। ਸਭ ਠੀਕ ਹੋਊ।
ਨਹੀਂ ਜੀ ਉਹ ਗੱਲ ਨੀ ਮੈਂ ਤਾਂ ਮੋਬਾਈਲ ਦੀ ਬੈਟਰੀ 5 ਫ਼ੀਸਦੀ ਐ, ਬੰਦ ਹੋ ਗਿਆ ਮੁਸ਼ਕਿਲ ਹੋ ਜਾਊ।
ਕਾਕਾ ਨੂੰ ਚਾਰਜਿੰਗ 'ਤੇ ਲਾ ਲੈ। ਮੈਂ ਉਸ ਨੂੰ ਸਲਾਹ ਦਿੱਤੀ। ਗੱਲ ਤਾਂ ਉਹੀ ਐ, ਅੰਕਲ ਜੀ ਆਪਾਂ ਤਾਂ ਬਾਹਰ ਖੜ੍ਹੇ ਐਂ, ਇਥੇ ਤਾਂ ਕੋਈ ਪਲੱਗ ਈ ਨੀਂ।
ਐਨੇ ਨੂੰ ਪ੍ਰਤੀਕ ਨੇ ਪਾਵਰ ਬੈਂਕ ਕੱਢ ਕੇ ਉਸ ਨੂੰ ਦੇ ਦਿੱਤਾ। ਚਾਰਜਿੰਗ 'ਤੇ ਲਾਉਂਦੇ ਈ ਜਦੋਂ ਮੋਬਾਈਲ ਚਾਰਜ ਹੋਣ ਲੱਗਾ, ਓਏ ਹੋਏ ਬਈ, ਵਿਚੋਲੇ ਦੇ ਚਿਹਰੇ ਦੀ ਰੌਣਕ ਵੇਖਣ ਵਾਲੀ ਸੀ। ਇਉਂ ਲੱਗ ਰਿਹਾ ਸੀ ਜਿਵੇਂ ਸਾਰਾ ਈ ਫੰਕਸ਼ਨ ਬਿਨਾਂ ਕਿਸੇ ਅੜਚਨ ਦੇ ਪੂਰਾ ਹੋ ਗਿਆ।
ਮੇਰਾ ਚਾਰਜਰ ਪਾ ਲਈਂ ਯਾਦ ਨਾਲ
ਅਜੀਤ ਡੈਸਕ
24-05-2026