ਪੁੱਤਰੋ, ਤੁਸੀਂ ਤਾਂ ਮੇਰੇ ਬੁਢਾਪੇ ਦੀ ਚੱਦਰ ਹੀ ਖੋਹ ਲਈ, ਇਸ ਨਾਲ ਤਾਂ ਮੈਂ ਆਪਣੀ ਇੱਜ਼ਤ ਢੱਕ ਰਿਹਾ ਸੀ। ਹੁਣ ਦੱਸੋ ਕਿਸ ਅੱਗੇ ਹੱਥ ਅੱਡਾਂ, ਮੇਰਾ ਤਾਂ ਮਰਨ ਹੋ ਜੂ', ਬਜ਼ੁਰਗ ਨੇ ਆਪਣੇ ਪੁੱਤਰਾਂ ਨੂੰ ਕਿਹਾ।
'ਬੁਢਾਪਾ ਆ ਗਿਆ, ਹੁਣ ਬਾਪੂ ਜੀ, ਐਵੇਂ ਜਬਲੀਆਂ ਨਾ ਮਾਰੋ, ਚੁੱਪ ਕਰਕੇ ਰੋਟੀ ਖਾਈ ਜਾਓ, ਕੀ ਲੈਣੇ ਤੁਸੀਂ, ਪਤਾ ਨੀ ਕਿਹੜੇ ਚੱਕਰ 'ਚ ਪੈ ਗਏ', ਬਜ਼ੁਰਗ ਦੇ ਪੁੱਤਰ ਕੈਲੇ ਨੇ ਕਿਹਾ।
'ਲਾਹਨਤ ਹੈ ਮੈਨੂੰ ਚਾਰ ਪੈਸੇ ਪੈਨਸ਼ਨ ਦੇ ਮਿਲਦੇ ਨੇ, ਉਹ ਵੀ ਤੁਸੀਂ ਖੋਹ ਲਏ, ਮੈਂ ਬੰਦਾ ਨਹੀਂ, ਪੈਸੇ ਦੀ ਲੋੜ ਤਾਂ ਪੈਂਦੀ ਹੀ ਐ, ਤੁਹਾਡੇ ਮੂਹਰੇ ਹੱਥ ਕਿਉਂਕਿ ਅੱਡਾਂ', ਬਜ਼ੁਰਗ ਨੇ ਕੈਲੇ ਨੂੰ ਕਿਹਾ।
'ਅਸੀਂ ਮਰ ਤਾਂ ਨਹੀਂ ਗਏ, ਜਿਊਂਦੇ ਆਂ, ਕੀ ਕਰਨੀ ਐਂ ਤੁਸੀਂ ਪੈਨਸ਼ਨ', ਬਜ਼ੁਰਗ ਦੇ ਪੁੱਤਰਾਂ ਨੇ ਕਿਹਾ।
'ਨਾ ਜਦੋਂ ਮਰ ਗਿਆ, ਫੇਰ ਗੁਜ਼ਾਰਾ ਕਿਵੇਂ ਹੋਊ', ਬਜ਼ੁਰਗ ਨੇ ਉੱਤਰ ਦਿੱਤਾ।
'ਫੇਰ ਆਪੇ ਦੇਖੀ ਜਾਊ, ਹੁਣ ਦਾ ਸਮਾਂ ਤਾਂ ਕੱਢੀਏ', ਕੈਲੇ ਨੇ ਕਿਹਾ।
'ਮੇਰੇ ਗੱਲ ਅੰਗੂਠਾ ਦੇਈ ਜਾਓ, ਚਾਰ ਦਿਨ ਵੀ ਜਿਊਣ ਨਾ ਦੇਵੋ', ਬਜ਼ੁਰਗ ਨੇ ਅੱਖਾਂ ਵਿਚ ਹੰਝੂ ਵਗਾਉਂਦੇ ਕਿਹਾ।
'ਬਾਪੂ ਜੀ ਕਾਰ ਲਈ ਲੋਨ ਲਿਆ, ਸਹੁਰੇ ਜਾਣਾ ਹੁੰਦੈ, ਟੋਹਰ ਵੀ ਬਨਾਉਣੀ ਹੁੰਦੀ ਐ', ਕੈਲੇ ਨੇ ਕਿਹਾ।
'ਚੰਗਾ ਭਾਈ, ਥੋਡੀ ਟੋਹਰ 'ਚ ਫਰਕ ਨਾ ਪੈਜੇ, ਮੇਰਾ ਕੀ ਐ, ਭਾਵੇਂ ਕੱਲ ਮਰਜਾਂ', ਅੱਖਾਂ ਵਿਚੋਂ ਪਾਣੀ ਵਗਦੇ ਬਜ਼ੁਰਗ ਨੇ ਕਿਹਾ।
-551/2, ਰਿਸ਼ੀ ਨਗਰ, ਸ਼ਕੂਰਬਸਤੀ, ਨਵੀਂ ਦਿੱਲੀ।
ਮੋਬਾਈਲ : 92105-88990