15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜ਼ੁਬਾਨ ਦਾ ਪੱਕਾ

Ad Position 21
No active advertisement
ਅਜੀਤ ਡੈਸਕ 24-05-2026

ਸਧਾਰਨ ਬੁੱਧੀ ਦਾ ਹੋਣ ਕਰਕੇ ਲੋਕ ਉਸ ਨੂੰ ਅਕਸਰ ਹੀ ਮਖੌਲ ਕਰਿਆ ਕਰਦੇ ਪਰ ਉਹ ਲੋਕਾਂ ਨੂੰ ਟਿੱਚ ਕਰਕੇ ਜਾਣਦਾ। ਨਾਂਅ ਤਾਂ ਕੋਈ ਉਸ ਦਾ ਜਾਣਦਾ ਹੀ ਨਹੀਂ ਸੀ ਪਰ ਬਿੱਲੀਆਂ ਅੱਖਾਂ ਹੋਣ ਕਰਕੇ ਸਾਰੇ ਉਸ ਨੂੰ ਬਿੱਲਾ, ਬਿੱਲਾ ਕਹਿ ਛੱਡਦੇ, ਜਾਂ ਇੰਝ ਕਹਿ ਲਵੋ ਕਿ ਘਰ ਦੀ ਗ਼ਰੀਬੀ ਨੇ ਉਸ ਤੋਂ ਉਸਦਾ ਅਸਲੀ ਨਾਂਅ ਖੋਹ ਹੀ ਲਿਆ ਸੀ। ਬਚਪਨ ਤੋਂ ਹੀ ਮਾਂ ਵਾਰ੍ਹਾ ਹੋਣ ਕਰਕੇ ਜਿੱਥੋਂ ਮਿਲਦੀਆਂ, ਜਿਹੋ ਜਿਹੀਆਂ ਮਿਲਦੀਆਂ ਛਕ ਲੈਂਦਾ। ਸੁਖ ਨਾਲ਼ ਖੁਰਾਕ ਚੰਗੀ ਸੀ। ਇਸ ਕਰਕੇ ਕਈ ਮਨਚਲੇ ਤਾਂ ਉਸਦੀ ਖੁਰਾਕ ਨੂੰ ਦੇਖਣਾਂ ਵਾਸਤੇ ਹੀ ਉਹਨੂੰ ਮੱਲੋ ਮੱਲੀ ਖਵਾਈ ਜਾਂਦੇ ਪਰ ਰੱਬ ਦੀ ਰਹਿਮਤ, ਮਿਹਦਾ ਚੰਗਾ ਹੋਣ ਕਰਕੇ ਹਰ ਅਵਲਾ-ਸਵਲਾ ਉਸ ਨੂੰ ਪਚ ਜਾਂਦਾ ।
ਘਰ ਦੀ ਮਾੜੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਕਦੇ ਕਿਸੇ ਫੈਕਟਰੀ 'ਚ ਲੱਗ ਜਾਂਦਾ, ਕਦੇ ਕਿਸੇ 'ਚ ਪਰ ਹਰ ਥਾਂ ਉਸ ਦੀ ਖ਼ੁੱਦਾਰੀ ਉਸ ਦੇ ਰੁਜ਼ਗਾਰ ਨੂੰ ਖੋਹ ਕੇ ਹੀ ਦਮ ਲੈਂਦੀ ਸੀ ਕਿਉਂਕਿ ਉਸ ਨੂੰ ਕਿਸੇ ਦੀ ਟੈਂ ਮੰਨਣ ਦੀ ਆਦਤ ਹੀ ਨਹੀਂ ਸੀ ਪਈ। ਆਖ਼ਰ ਨੂੰ ਉਹ ਨਰੇਗਾ ਦਾ ਕਾਮਾ ਬਣ ਗਿਆ। ਜਿੰਨੇ ਦਿਨ ਨਰੇਗਾ ਦਾ ਕੰਮ ਮਿਲਦਾ ਕਰ ਲੈਂਦਾ, ਵਿਹਲੇ ਸਮੇਂ ਤੈਂ-ਮੈਂ ਨਾਲ ਹੱਥ-ਪੜੱਥੀ ਪਵਾ ਦਿੰਦਾ ਜਾਂ ਫਿਰ ਗੁਰਦੁਆਰਿਓਂ ਪ੍ਰਸ਼ਾਦਾ ਛਕ ਕੇ ਮੌਜ ਮਸਤੀ ਕਰ ਛੱਡਦਾ।
ਕੰਮੀਆਂ ਦੇ ਵਿਹੜੇ ਪੈਦਾ ਹੋਏ ਨੂੰ ਬੇਸ਼ਕ ਗ਼ਰੀਬੀ ਨੇ ਸਿਰ ਤੋਂ ਪੈਰਾਂ ਤੱਕ ਝੰਬਿਆ ਹੋਇਆ ਪਰ ਉਸ ਨੂੰ ਰਿਸ਼ਤਿਆਂ ਦੀ ਸਾਰ ਸੀ। ਉਹ ਸਿਆਣਿਆਂ ਨਾਲ ਕਦੇ ਵੀ ਬਦਕਲਾਮੀ ਨਾ ਕਰਦਾ, ਚਾਚੇ ਨੂੰ ਚਾਚਾ, ਤਾਏ ਨੂੰ ਤਾਇਆ, ਭਰਾ ਨੂੰ ਭਰਾ ਪਰ ਜੋ ਮਸ਼ਟੰਡੇ ਉਸਦੇ ਸਵੈਮਾਨ ਨੂੰ ਸੱਟ ਮਾਰਦੇ ਤਾਂ ਉਹ ਉਹਨਾਂ ਨੂੰ ਆੜੇ ਹੱਥੀ ਲੈਂਦਾ ਇੱਥੋਂ ਤੱਕ ਕਿ ਉਹ ਗਾਲਾਂ ਦਾ ਮੀਂਹ ਵਰ੍ਹਾਉਂਦਾ ਹੋਇਆ ਮਾਰਨ ਤੱਕ ਜਾਂਦਾ।
ਇਕ ਗੱਲ ਪੱਕੀ ਕਿ ਉਹ ਜ਼ੁਬਾਨ ਦੇ ਕੇ ਮੁੜ ਉਸ ਤੋਂ ਨਾ ਫਿਰਦਾ। ਇਕ ਦਿਨ ਕਿਸੇ ਮਾਸਟਰ ਨੇ ਉਸਨੂੰ ਛੁੱਟੀ ਵਾਲੇ ਦਿਨ ਕਿਸੇ ਘਰੇਲੂ ਕੰਮ ਲਈ ਪੁੱਛਿਆ ਤਾਂ ਉਸ ਝੱਟ ਹਾਂ ਕਰਦਿਆਂ ਕਿਹਾ, 'ਕੋਈ ਗੱਲ ਨੀਂ ਮਾਟਹਰ ਜੀ, ਕਰ ਦਿਆਂਗਾ ਜੀ, ਕੱਲ੍ਹ ਨੂੰ ਸਵੇਰੇ।'
ਅਗਲੇ ਦਿਨ ਜਦੋਂ ਉਹ ਮਾਸਟਰ ਦੇ ਘਰ ਕੰਮ ਲਈ ਆ ਰਿਹਾ ਸੀ ਤਾਂ ਕਿਸੇ ਧਨਾਢ ਨੇ ਰੋਕ ਕੇ ਪੁੱਛਿਆ, 'ਓਏ ਦੇਸੀ, ਚੱਲ ਆਪਣੇ ਖੇਤ ਥੋੜ੍ਹਾ ਜਿਹਾ ਕੰਮ ਕਰਨ ਵਾਲੈ, ਕਰਵਾ ਕੇ ਆ।' 'ਨਾ ਓਹ ਭਲਾਵਾ, ਮੈਂ ਨੀਂ ਜਾਂਦਾ ਤੇਰੇ ਨਾਲ, ਅੱਜ ਤਾਂ ਮਾਹਟਰ ਦੇ ਘਰੇ ਕੰਮ ਕਰਨ ਚੱਲਿਆਂ, ਓਹਨੂੰ ਹਾਂ ਤੀਤੀ ਐ', 'ਚੱਲ ਸਾ....ਲਾ ਨਾ ਹੋਵੇ ਤਾਂ, ਆਹ ਚੱਕ ਪੈਸੇ ਤੇ ਚੱਲ ਮੇਰੇ ਨਾਲ', ਹਵਾ 'ਚ ਨੋਟ ਲਹਿਰਾਉਂਦਾ ਧਨਾਢ ਬੋਲਿਆ। 'ਜਾ ਓਹ ਭਲਾਵਾ, ਆਪਦੇ ਪੈਸੇ ਆਪਣੇ ਤੋਲੇ ਰੱਖ, ਮੈਂ? ਮਾਹਟਰ ਨਾਲ ਦੁਬਾਨ ਤੀਤੀ ਐ।', ਐਨਾ ਕਹਿ ਉਹ ਮਾਸਟਰ ਦੇ ਘਰ ਵੱਲ ਰਵਾਂ ਰਵੀਂ ਹੋ ਤੁਰਿਆ।

-ਨਿੱਜੀ ਪੱਤਰ ਪ੍ਰੇਰਕ, ਪੰਜਗਰਾਈਂ ਕਲਾਂ (ਫ਼ਰੀਦਕੋਟ)
ਮੋਬਾਈਲ : 98149-65928

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਬੰਦ ਕੀਤੀ ਗਈ ਸੀ ਅਗਲੀ ਖ਼ਬਰ ਬੁਢਾਪੇ ਦੀ ਚਾਦਰ
Ad Position 24