28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

28-02-26

Ad Position 21
No active advertisement
ਅਜੀਤ ਡੈਸਕ 28-02-2026

 ਕੰਡਿਆਲੀ ਤਾਰ ਦੇ
ਉਸ ਪਾਰ-ਇਸ ਪਾਰ
ਲੇਖਕ : ਅਨੋਖ ਸਿੰਘ ਵਿਰਕ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 450 ਰੁਪਏ, ਸਫ਼ੇ : 239
ਸੰਪਰਕ : 62837-33100

1947 ਦੀ ਵੰਡ ਦਾ ਸੰਤਾਪ ਸਭ ਤੋਂ ਵੱਧ ਪੰਜਾਬੀਆਂ ਨੇ ਆਪਣੇ ਹੱਡੀਂ ਹੰਢਾਇਆ ਹੈ। 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੀ ਕਹਾਵਤ ਵਾਂਗ ਪੰਜਾਬੀਆਂ ਨੇ ਪਹਿਲਾਂ ਅੰਗਰੇਜ਼ਾਂ ਦੁਆਰਾ ਵਸਾਈਆਂ ਗਈ ਬਾਰਾਂ ਨੂੰ ਆਬਾਦ ਕਰਨ ਲਈ ਆਪਣੇ ਪੁਰਖਿਆਂ ਦੀ ਜਨਮ ਭੂਮੀ ਛੱਡੀ ਤੇ ਜਦੋਂ ਉਹ ਬਾਰਾਂ ਆਬਾਦ ਹੋ ਗਈਆਂ ਤੇ ਉੱਥੇ ਆਬਾਦ ਹੋ ਕੇ ਰਹਿਣ ਦਾ ਸੁਖ ਲੈਣ ਦਾ ਸਮਾਂ ਆਇਆ ਤਾਂ ਵੰਡ ਦੀ ਮਾਰ ਉਨ੍ਹਾਂ ਦੇ ਸਿਰ 'ਤੇ ਆਣ ਪਾਈ। ਜਿਸ ਦਾ ਸੰਤਾਪ ਹੰਢਾਉਂਦਿਆਂ ਪੰਜਾਬ ਦੇ ਵਾਸੀਆਂ ਨੂੰ ਆਪਣੇ ਭਰੇ-ਭੁਕੰਨੇ ਘਰ-ਬਾਰ, ਲਹਿ-ਲਹਾਉਂਦੀਆਂ ਫ਼ਸਲਾਂ, ਪਸ਼ੂ ਧਨ ਇੱਥੋਂ ਤੱਕ ਕਿ ਆਪਣੀਆਂ ਧੀਆਂ-ਭੈਣਾਂ ਨੂੰ ਖ਼ੁਦ ਮਾਰ ਜਾਂ ਬੇਜ਼ੀਮਰੇ ਲੋਕਾਂ ਹੱਥੋਂ ਬੇਪੱਤ ਕਰਵਾ ਖਾਲੀ ਹੱਥ ਚੜ੍ਹਦੇ ਪੰਜਾਬ ਪਰਤਣਾ ਪਿਆ। ਵੰਡ ਦਾ ਇਹ ਭਿਆਨਕ ਮੰਜ਼ਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਅਜਿਹੇ ਗਹਿਰੇ ਜ਼ਖ਼ਮ ਦੇ ਗਿਆ ਹੈ ਕਿ ਜੋ ਸਮੇਂ ਦਾ ਨਾਲ ਭਾਵੇਂ ਭਰ ਤਾਂ ਜਾਣਗੇ, ਪ੍ਰੰਤੂ ਪੁਰੇ ਦੀ ਵਗਦੀ ਪੌਣ ਨਾਲ ਉਨ੍ਹਾਂ 'ਚ ਤਰ੍ਹਾਟਾਂ ਹਮੇਸ਼ਾਂ ਪੈਂਦੀਆਂ ਰਹਿਣਗੀਆਂ। ਅਨੋਖ ਸਿੰਘ ਵਿਰਕ ਦਾ ਨਾਵਲ 'ਕੰਡਿਆਲੀ ਤਾਰ ਦੇ ਉਸ ਪਾਰ-ਇਸ ਪਾਰ' ਅਣਵੰਡੇ ਪੰਜਾਬ ਅਤੇ ਵੰਡੇ ਪੰਜਾਬ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਾਤ ਦਾ ਵਰਨਣ ਕਰਨ ਦੇ ਨਾਲ-ਨਾਲ ਵੰਡ ਸਮੇਂ ਹੋਏ ਅਣਮਨੁੱਖੀ ਵਰਤਾਰਿਆਂ ਦੀ ਹਿਰਦੇ ਵੇਧਕ ਦਾਸਤਾਨ ਹੈ। ਦੋ ਭਾਗਾਂ 'ਚ ਵੰਡੇ ਇਸ ਨਾਵਲ ਦੇ ਪਹਿਲੇ 16 ਕਾਂਡਾਂ ਅੰਦਰ ਜਿੱਥੇ ਲੇਖਕ ਨੇ ਲਹਿੰਦੇ ਪੰਜਾਬ ਅੰਦਰ ਬਾਰਾਂ ਦੇ ਆਬਾਦ ਹੋਣ, ਨਹਿਰੀ ਕਾਲੋਨੀਆਂ ਵਿਕਸਿਤ ਹੋਣ ਦੇ ਨਾਲ-ਨਾਲ ਇਤਿਹਾਸਕ ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੀ ਬਾਖ਼ੂਬੀ ਵਰਨਣ ਕੀਤਾ ਹੈ, ਉੱਥੇ ਵੰਡ ਦੇ ਐਲਾਨ ਹੋਣ ਸਮੇਂ ਬਣੇ ਫਿਰਕੂ ਮਾਹੌਲ ਦੌਰਾਨ ਔਰਤਾਂ ਦੀ ਬੇਪੱਤੀ, ਕਤਲੋਗਾਰਤ, ਲੁੱਟਾਂ-ਖੋਹਾਂ ਅਤੇ ਅਨੇਕਾਂ ਹੀ ਅਣਮਨੁੱਖੀ ਵਰਤਾਰਿਆਂ ਦੀ ਲੜੀ ਨੂੰ ਬੜੀ ਬੇਬਾਕੀ ਨਾਲ ਬਿਆਨ ਕੀਤਾ ਹੈ। ਦੂਜੇ ਭਾਗ ਦੇ 16 ਕਾਂਡਾਂ ਅੰਦਰ ਲਹਿੰਦੇ ਪੰਜਾਬ ਤੋਂ ਆਪਣਾ ਸਭ ਕੁਝ ਲੁਟਾ ਕੇ ਚੜ੍ਹਦੇ ਪੰਜਾਬ ਪੁੱਜੇ ਲੋਕਾਂ ਨੂੰ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਅਨੇਕਾਂ ਜਫ਼ਰ ਜਾਲਣੇ ਪਏ, ਪ੍ਰੰਤੂ ਉਨ੍ਹਾਂ ਨੇ ਆਪਣੇ ਅੰਦਰੋਂ ਮਨੁੱਖਤਾ ਨਹੀਂ ਮਰਨ ਦਿੱਤੀ। ਨਾਵਲ ਅੰਦਰ ਲੇਖਕ ਨੇ ਪੁਰਾਣੇ ਅਤੇ ਨਵੇਂ ਪੰਜਾਬ ਦੇ ਸੱਭਿਆਚਾਰ, ਰਹਿਣ-ਸਹਿਣ ਅਤੇ ਕਦਰਾਂ ਕੀਮਤਾਂ ਨੂੰ 'ਉੱਤਮ ਪੁਰਖ' ਵਿਧੀ ਰਾਹੀਂ ਬਿਆਨ ਕਰਦਿਆਂ ਸਰਲ ਤੇ ਠੇਠ ਭਾਸ਼ਾ ਦੀ ਵਰਤੋਂ ਕੀਤੀ ਹੈ। ਪੰਜਾਬ ਦੀ ਵੰਡ 'ਤੇ ਅਧਾਰਿਤ ਲਿਖੀਆਂ ਹੋਈ ਪੁਸਤਕਾਂ ਅੰਦਰ ਹਥਲਾ ਨਾਵਲ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ। ਜਿਸਦੇ ਲਈ ਲੇਖਕ ਵਧਾਈ ਦਾ ਪਾਤਾਰ ਹੈ।

-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
\

 

ਦੁਨੀਆਂ ਦੇ ਦੁਖਾਂਤ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 120
ਸੰਪਰਕ : 94635-61123

ਸਾਹਿਤ-ਅਚਾਰੀਆ ਓਮ ਪ੍ਰਕਾਸ਼ ਗਾਸੋ ਦੀ ਨਿਵੇਕਲੀ 71ਵੀਂ ਪੁਸਤਕ 'ਦੁਨੀਆ ਦੇ ਦੁਖਾਂਤ' 2025 ਦੇ ਵਰ੍ਹੇ ਦਾ ਹਾਸਿਲ ਹੈ। ਪੁੱਤਰ ਆਪਣੇ ਪਿਉ ਦੇ ਵਿਵੇਕੀ-ਆਦਰਸ਼ ਨੂੰ ਸਮਝਣ ਦੀ ਵਡਿਆਈ ਜੇ ਲੈ ਲਵੇ ਤਾਂ ਇਸ ਤੋਂ ਉੱਪਰ ਹੋਰ ਕਿਹੜਾ ਸਨਮਾਨ ਬਾਕੀ ਰਹਿ ਗਿਆ। ਗਾਸੋ ਨੇ ਪੁਸਤਕ ਸਮਰਪਣ ਕੀਤੀ ਹੈ : 'ਸਮੇਂ-ਸਮਾਜ ਤੇ ਲੋਕਾਈ ਨੂੰ'। ਮੁੱਖ-ਬੰਦ ਉਸ ਦੇ ਵਿਦਵਾਨ ਸਪੁੱਤਰ ਡਾ. ਸੁਦਰਸ਼ਨ ਗਾਸੋ ਨੇ ਲਿਖ ਕੇ ਪਰ-ਉਪਕਾਰ ਹੀ ਨਹੀਂ ਕੀਤਾ ਸਗੋਂ ਇਕ ਵਿਰਾਸਤ ਨੂੰ ਸਾਂਭਣ ਦੀ ਪੈੜ ਪਾਈ ਜੋ ਅਮਿੱਟ ਹੈ ਤੇ ਸਥਿਰ ਹੈ। ਇਹ ਪੁਸਤਕ ਦਰਵੇਸ਼ ਤੇ ਰਿਸ਼ੀ ਵਰਗੀ ਪ੍ਰਤਿਭਾ ਦੇ ਮਾਲਕ ਓਮ ਪ੍ਰਕਾਸ਼ ਗਾਸੋ ਦੇ ਜੀਵਨ ਅਧਿਐਨ ਦੀ ਕੋਸ਼-ਕਥਨਾਵਲੀ ਆਖੀ ਜਾ ਸਕਦੀ ਹੈ। ਜੀਵਨ ਤੇ ਸਮਾਜ ਦੇ ਹਰ ਵਿਸ਼ੇ ਨੂੰ ਚਿੰਤਨਮਈ ਤੇ ਵਿਵੇਕਤਾ ਨਾਲ ਪ੍ਰੀਭਾਸ਼ਿਤ ਕੀਤਾ ਗਿਆ। ਇਸ ਲਈ ਇਸ ਵੇਦ ਰੂਪੀ ਪੋਥੀ ਨੂੰ ਗਿਆਨ ਗੰਗਾ ਦੀ ਧਾਰਾ ਕਹਿਣਾ ਉੱਚਿਤ ਹੋਵੇਗਾ। ਇਹ ਸੱਚ ਹੈ ਕਿ ਸਿਆਸਤ ਤੇ ਕੁਚੱਜੇ ਸਮਾਜ ਨੇ ਸਮੇਂ ਨੂੰ ਕੁਚੱਜਾ ਬਣਾ ਦਿੱਤਾ ਹੈ, ਜਿਸ ਦੀ ਫ਼ਿਕਰਮੰਦੀ ਦਾ ਇਜ਼ਹਾਰ ਲੇਖਕ ਨੇ ਆਪਣੀ ਹਰ ਰਚਨਾ 'ਚ ਵਾਰ-ਵਾਰ ਕੀਤਾ ਹੈ। ਵੱਖਰੀ ਸ਼ੈਲੀ 'ਚ ਲੈਅ ਹੈ, ਵਿਵੇਕਤਾ ਹੈ, ਕਾਵਿ-ਧਾਰਾ ਹੈ ਆਦਿ ਹੈ, ਜੁਗਾਦਿ ਹੈ, ਸੱਚ ਹੈ, ਅਕੱਥ ਹੈ। ਇਹ ਪੁਸਤਕ ਦੁਨੀਆ ਦੇ ਦੁੱਖ ਹਰਨ ਲਈ ਹੋਕਾ ਹੈ ਤੇ ਚੇਤਨਸ਼ੀਲ ਦ੍ਰਿਸ਼ਟੀ ਹੈ। ਪ੍ਰਬੁੱਧ ਪਾਠਕਾਂ ਲਈ ਬਾਣੀ ਪੜ੍ਹਨ ਵਰਗਾ ਅਭਿਆਸ ਹੈ। ਇਹ ਮੰਨ ਲੈਣਾ ਪਵੇਗਾ ਕਿ ਇਕ ਵਿਸ਼ੇ ਬਾਰੇ ਥਾਂ-ਥਾਂ ਦੁਹਰਾਓ ਜ਼ਰੂਰ ਹੈ। ਹੋ ਸਕਦਾ ਕਿਤੇ-ਕਿਤੇ ਸੂਝਵਾਨ ਪਾਠਕ ਦਿੱਤੇ ਕਥਨਾਂ ਨਾਲ ਸਹਿਮਤ ਵੀ ਨਾ ਹੋਵੇ। ਹਰ ਪ੍ਰਵਚਨ ਸਵੈ-ਬੋਧ ਹੁੰਦਾ ਹੈ, ਹਰ ਸਵੈ-ਬੋਧ ਦਾ ਆਪਣਾ ਗਿਆਨ-ਮੰਡਲ ਹੁੰਦਾ ਹੈ। ਓਮ ਪ੍ਰਕਾਸ਼ ਗਾਸੋ ਇਕ ਫ਼ਕੀਰ ਕਲਮਕਾਰ ਹੈ, ਪੂਜਣਯੋਗ ਸੰਸਕ੍ਰਿਤੀ ਦਾ ਬਿੰਬ ਹੈ। ਉਸ ਦਾ ਅੰਦਰ ਸੰਵੇਦਨਾ ਤੇ ਸਾਧਨਾ ਦਾ ਬਿੰਬ ਹੈ। ਕਲਾ, ਭਾਵਨਾ, ਇੱਛਾ, ਉਮੰਗ, ਉਦੇਸ਼, ਮੁਹੱਬਤ, ਸੰਵੇਦਨਾ ਅਤੇ ਮਕਸਦ ਤੋਂ ਆਦਮੀ ਪਿਛਾਂਹ ਹਟ ਰਿਹਾ ਹੈ। ਸੰਕਲਪ ਤੇ ਸੰਵਾਦ ਖਤਮ ਹੋ ਰਹੇ ਹਨ। ਲੇਖਕ ਦੀ ਸੁਹਿਰਦ ਭਾਵਨਾ-ਦ੍ਰਿਸ਼ਟੀ ਇਸ ਸਮਾਜ ਦੇ ਉਜਲੇ ਭਵਿੱਖ ਲਈ ਕਾਮਨਾ ਕਰਦੀ ਹੈ। ਪ੍ਰਕਾਸ਼ਮਾਨ ਮਨੁੱਖ ਲਈ ਅਰਜੋਈ ਕਰਦੀ, ਇਹ ਪੁਸਤਕ ਸ਼ੁੱਧਤਾ ਦੀ ਸੰਜੀਵਨੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

ਭਿੰਨੀ ਰੈਨੜੀਐ ਚਾਮਕਨਿ ਤਾਰੇ
ਲੇਖਿਕਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 111
ਸੰਪਰਕ: 94638-36591

'ਭਿੰਨੀ ਰੈਨੜੀਐ ਚਾਮਕਨਿ ਤਾਰੇ' ਨਾਵਲ ਰਾਜਬੀਰ ਰੰਧਾਵਾ ਵਲੋਂ ਲਿਖਿਆ ਗਿਆ ਹੈ। ਇਸ ਤੋਂ ਪਹਿਲਾਂ ਲੇਖਿਕਾ 32 ਕਿਤਾਬਾਂ ਲਿਖ ਚੁੱਕੀ ਹੈ ਜਿਸ ਵਿਚ 12 ਕਾਵਿ-ਸੰਗ੍ਰਹਿ, 2 ਸਫ਼ਰਨਾਮਾ, 6 ਕਹਾਣੀ-ਸੰਗ੍ਰਹਿ, 2 ਸਵੈ-ਜੀਵਨੀ ਅਤੇ 10 ਨਾਵਲ ਸ਼ਾਮਿਲ ਹਨ। ਹਥਲੇ ਨਾਵਲ ਦੇ 13 ਕਾਂਡ ਹਨ। ਹਰੇਕ ਕਾਂਡ ਆਪਣੇ ਆਪ ਵਿਚ ਵਿਲੱਖਣ ਹੈ ਅਤੇ ਪਾਠਕ ਦੇ ਮਨ 'ਤੇ ਡੂੰਘੀ ਛਾਪ ਛੱਡਦਾ ਹੈ। ਬਲਵੀਰ ਸਿੰਘ, ਲਾਲੀ ਪਾਲੀ, ਸਿੰਦਰ, ਹਰਮਨ, ਇਕਬਾਲ ਨਜ਼ੀਰਾਂ, ਰੱਬੀ ਅਤੇ ਐਂਡੀ ਆਦਿ ਪਾਤਰ ਸਿਰਜੇ ਹਨ ਜੋ ਨਾਵਲ ਵਿਚ ਆਪਣੇ ਕਿਰਦਾਰ ਨਾਲ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੋਏ ਕਹਾਣੀ ਸਿਰਜਦੇ ਹਨ। ਨਾਵਲ ਵਿਚ ਲਕੀਰ ਤੋਂ ਹਟਕੇ ਨਵੇਂ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਲੇਖਿਕਾ ਜਿੱਥੇ ਨਾਵਲ ਨੂੰ ਰੋਚਿਕ ਬਣਾਉਣ ਲਈ ਜੋੜ-ਤੋੜ ਕਰਦੀ ਹੈ, ਉੱਥੇ ਵਾਪਰ ਰਹੀਆਂ ਘਟਨਾਵਾਂ ਦਾ ਵਰਣਨ ਕਰਕੇ ਪਾਠਕ ਨੂੰ ਸੁਚੇਤ ਕਰਦੀ ਹੈ। ਉਹ ਪੰਜਾਬ ਦੀਆਂ ਅਨੇਕਾਂ ਤ੍ਰਾਸਦੀਆਂ ਦਾ ਚਿਤਰਣ ਕਰਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੇਖਿਕਾ ਸਮਾਜਿਕ ਬੁਰਾਈਆਂ ਪ੍ਰਤੀ ਚਿੰਤਤ ਹੈ। ਰਾਜਬੀਰ ਰੰਧਾਵਾ ਨਾਵਲ ਵਿਚ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸ ਰਹੇ ਪੰਜਾਬੀਆਂ ਦੀ ਜ਼ਿੰਦਗੀ ਦੀ ਹੂਬਹੂ ਵਰਣਨ ਕਰਦੀ ਹੈ, ਟੁੱਟ ਰਹੇ ਰਿਸ਼ਤਿਆਂ ਨੂੰ, ਆਰਥਿਕ ਮੰਦਹਾਲੀ ਦਾ ਸੰਤਾਪ ਭੋਗ ਰਹੇ ਵਿਦੇਸ਼ ਜਾ ਵਸੇ ਪੰਜਾਬੀਆਂ ਦੀ ਹੂਕ ਦਾ ਵਰਣਨ ਕਰਦੀ ਹੈ। ਉੱਥੇ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਲੋਕਾਂ ਵਲੋਂ ਨਿਭਾਈ ਗਈ ਭੂਮਿਕਾ ਦਾ ਵੀ ਬਾਖ਼ੂਬੀ ਵਰਣਨ ਕਰਦੀ ਹੈ। ਭਾਵੇਂ ਅੰਤਲੇ ਸਫ਼ਿਆਂ ਵਿਚ ਲੇਖਿਕਾ ਕਹਾਣੀ ਨੂੰ ਸੁਖਾਵਾਂ ਮੋੜ ਦਿੰਦੀ ਹੋਈ ਖ਼ਤਮ ਕਰਦੀ ਹੈ। ਪਰ ਪਹਿਲੇ ਕਾਂਡ ਸਾਡੇ ਸਮਾਜਿਕ ਤਾਣੇ ਬਾਣੇ, ਜਾਤ-ਪਾਤ ਅਤੇ ਆਜ਼ਾਦੀ ਨੂੰ ਵਰਣਨ ਕਰਦੇ ਹਨ। ਲੇਖਿਕਾ ਲੋਕਾਂ ਦਾ ਇਹ ਭਰਮ ਕਿ ਵਿਦੇਸ਼ਾਂ ਵਿਚ ਬਹੁਤ ਆਜ਼ਾਦੀ ਹੈ, ਨੂੰ ਦਰਸਾਉਣ ਲਈ ਲਿਖਦੀ ਹੈ, 'ਤੇਰਾਂ ਹਜ਼ਾਰ ਮੀਲ ਭਾਰਤ ਤੋਂ ਵੀ ਉਹੋ ਕੁੱਝ ਦੇਖਣ ਨੂੰ ਮਿਲਿਆ। ਧਰਮ ਠੇਕੇਦਾਰ, ਸਮਾਜ, ਜਾਤਪਾਤ। ਕਿਥੇ ਹੈ ਆਜ਼ਾਦੀ?' ਇਹ ਨਾਵਲ ਇਕ ਦਿਲਚਸਪ ਕਹਾਣੀ ਨਹੀਂ ਸਗੋਂ ਪਾਠਕ ਨੂੰ ਸੁਚਾਰੂ ਸੇਧ ਦੇ ਨਾਲ ਸਮਾਪਤ ਹੁੰਦਾ ਹੈ।

-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020

 


ਅਸੀਂ ਹਾਂ ਰੁੱਖ ਪੰਜਾਬ ਦੇ
ਲੇਖਿਕਾ : ਗੁਰਸ਼ਰਨ ਕੌਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫੇ : 70
ਸੰਪਰਕ : 75891-07066

ਨਿੱਕੜੀ ਜਿਹੀ ਪਰ ਚਿੱਤਰ ਯੁਕਤ, ਮਹਿਜ਼ 70 ਸਫ਼ਿਆਂ ਦੀ ਹੋਣ ਦੇ ਬਾਵਜੂਦ ਇਹ ਬਾਲ-ਉਮਰਾਂ ਲਈ ਕਮਾਲ ਦੀ ਪੁਸਤਕ ਹੈ ਜਿਹੜੀ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਰੁੱਖਾਂ ਬਾਰੇ ਸੰਖੇਪ-ਸਰਲ ਰੂਪ, ਕਾਵਿ ਰੰਗ, ਜਾਣ-ਪਛਾਣ ਕਰਵਾਉਣ ਦੀ ਸੁਹਿਰਦ ਇੱਛਾ ਤਹਿਤ ਲਿਖੀ ਗਈ ਹੈ। ਲੇਖਕ ਮੁਤਾਬਿਕ, 'ਮੇਰਾ ਉਦੇਸ਼', 'ਨਿੱਕੇ ਪੜ੍ਹਾਕੂਆਂ ਨੂੰ ਪੰਜਾਬ ਦੇ ਰੁੱਖਾਂ ਨਾਲ ਜਾਣ ਪਛਾਣ ਕਰਾਉਣਾ ਹੈ।' ਲੇਖਿਕਾ ਦਾ ਇਹ ਸ਼ੰਕਾ ਜਾਇਜ਼ ਹੈ, '... ਉੱਚ ਜਮਾਤਾਂ ਦੇ ਵਿਦਿਆਰਥੀ ਵੀ ਪੰਜਾਬ ਦੇ ਰੁੱਖਾਂ, ਫਸਲਾਂ, ਸੱਭਿਆਚਾਰ ਅਤੇ ਆਚਾਰ-ਵਿਹਾਰ ਤੋਂ ਜਾਣੂ ਨਹੀਂ ਹਨ।' ਉਸ ਸੋਚਿਆ, 'ਜੇਕਰ ਪ੍ਰਾਇਮਰੀ ਜਮਾਤਾਂ ਨੂੰ ਰੁੱਖਾਂ ਆਦਿ ਦੇ ਨਾਂਅ ਅਤੇ ਗੁਣ ਵੀ ਸਿਖਾਏ ਜਾਣ ਤਾਂ ਉਹ ਸਦਾ ਇਨ੍ਹਾਂ ਨੂੰ ਯਾਦ ਰੱਖਣਗੇ ਅਤੇ ਵੱਡੇ ਹੋ ਕੇ ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਨਗੇ।' ਹਰ ਰੁੱਖ ਬਾਰੇ ਕਾਵਿ-ਰੂਪ ਵਿਚ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਜਿਵੇਂ, 'ਅਸੀਂ ਹਾਂ ਰੁੱਖ ਪੰਜਾਬ ਦੇ, ਸੰਘਣੀ ਸਾਡੀ ਛਾਂ। ਪਾਣੀ ਸਾਡਾ ਪਿਤਾ ਹੈ, ਧਰਤੀ ਸਾਡੀ ਮਾਂ। ਸਾਰੀ ਉਮਰ ਅਹਿਸਾਨ ਨਹੀਂ ਭੁੱਲਦੇ, ਕਰਦੇ ਹਾਂ ਉਪਕਾਰ। ਛਾਵਾਂ ਵੰਡੀਏ ਮਾਵਾਂ ਵਾਂਗੂ, ਵਰਖਾ ਲਿਆਈਏ ਨਾਲ।' ਲੇਖਿਕਾ ਆਪਣੇ ਵਲੋਂ ਲਿਖੇ ਸ਼ਬਦਾਂ 'ਚ (ਭੂਮਿਕਾ ਵਿਚ) ਰੁੱਖਾਂ ਬਾਰੇ ਲੋਕ ਗੀਤਾਂ ਦੀਆਂ ਤੁਕਾਂ ਅਤੇ ਬਾਲ ਗੀਤਾਂ ਰਾਹੀਂ ਰੁੱਖਾਂ, ਬਾਰੇ ਦੱਸਣ ਦੀ ਗੁਜ਼ਾਰਿਸ਼ ਕਰਦੀ ਹੈ। ਹਰ ਬਿਰਤਾਂਤ ਨਾਲ ਸੰਬੰਧਿਤ ਰੁੱਖ ਦਾ ਸਵੈ-ਸਪੱਸ਼ਟ 'ਬਲੈਕ ਐਂਡ ਵਾਈਟ' ਚਿੱਤਰ ਵੀ ਉੱਕਰਿਆ ਹੋਇਆ ਹੈ। ਕੀਮਤ ਜ਼ਿਆਦਾ ਅਤੇ ਪੇਪਰ ਬੈਕ ਜਿਲਦ ਹੋਣ ਦੇ ਬਾਵਯੂਦ ਇਹ ਕਿਤਾਬ ਰਿਆਇਤੀ ਦਰ 'ਤੇ ਸਕੂਲਾਂ ਦੀਆਂ ਲਾਇਬ੍ਰੇਰੀਆ ਦਾ ਖਜ਼ਾਨਾ ਬਣਨੀ ਚਾਹੀਦੀ ਹੈ।

-ਵਿਜੈ ਬੰਬੇਲੀ
ਮੋਬਾਈਲ : 94634-39075

 

ਜ਼ਿੰਦਗੀ ਦਾ ਆਨੰਦ ਕਿਵੇਂ ਮਾਨੀਏ
ਲੇਖਕ : ਡਾ. ਸੰਦੀਪ ਘੰਡ, ਡਾ. ਹਰਮਨਦੀਪ ਘੰਡ
ਪ੍ਰਕਾਸ਼ਕ : ਤਨੀਸ਼ਾ ਪਬਲੀਸ਼ਰਜ਼, ਨੈਨੀਤਾਲ
ਮੁੱਲ : 260 ਰੁਪਏ, ਸਫ਼ੇ : 102
ਸੰਪਰਕ : 084548-12712

ਡਾ. ਸੰਦੀਪ ਘੰਡ ਅਤੇ ਡਾ. ਹਰਮਨਦੀਪ ਘੰਡ ਦੁਆਰਾ ਲਿਖੀ ਪੁਸਤਕ 'ਜ਼ਿੰਦਗੀ ਦਾ ਆਨੰਦ ਕਿਵੇਂ ਮਾਨੀਏ' ਜ਼ਿੰਦਗੀ ਨੂੰ ਖੁਸ਼ੀਆਂ ਭਰੇ ਢੰਗ ਨਾਲ ਬਤੀਤ ਕਰਨ ਦਾ ਢੰਗ ਦੱਸਦੀ ਪੁਸਤਕ ਹੈ। ਇਹ ਸਵ. ਡਾ. ਕੰਵਲਜੀਤ ਸਿੰਘ ਬਰਾੜ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੀ ਸ਼ੁਰੂਆਤ ਵਿਚ ਉਸ ਬਾਰੇ ਇੱਕ ਜੀਵਨੀ ਲੇਖ 'ਯਾਰਾਂ ਦਾ ਯਾਰ ਸਾਡਾ ਕੇ.ਡੀ. ਸਵ. ਡਾ. ਕੰਵਲਦੀਪ ਬਰਾੜ' ਸ਼ਾਮਿਲ ਕੀਤਾ ਗਿਆ ਹੈ ਜਿਸ ਵਿਚ ਡਾ. ਕੰਵਲਜੀਤ ਸਿੰਘ ਬਰਾੜ ਦੇ ਜਨਮ, ਬਚਪਨ, ਸੁਭਾਅ, ਪੜ੍ਹਾਈ, ਨੌਕਰੀ ਅਤੇ ਬਾਕੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਪੁਸਤਕ ਦੀ ਭੂਮਿਕਾ 'ਚ 'ਕਿਤਾਬ ਸੰਬੰਧੀ ਜਾਣਕਾਰੀ' ਸਿਰਲੇਖ ਹੇਠ ਦਰਜ ਕੀਤੀ ਗਈ ਹੈ। ਇਸ ਭੂਮਿਕਾ ਵਿਚ ਹੀ ਲੇਖਕ ਫ਼ਰੀਦਕੋਟ ਦੇ ਬੀਐਡ. ਕਾਲਜ ਵਿਚ ਅਧਿਆਪਕ ਸੀ, ਇਹ ਪੁਸਤਕ ਰਚਨ ਦਾ ਮਨੋਰਥ ਪਾਠਕ ਸਾਹਮਣੇ ਰੱਖਦਾ ਹੈ। ਪੁਸਤਕ ਦੇ ਅਗਲੇ ਹਿੱਸੇ ਵਿਚ 23 ਪਾਠਾਂ ਵਿਚ ਜੀਵਨ ਜਾਚ ਕੋਚ, ਉਸ ਦੇ ਕੰਮ, ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਆਦਿ ਬਾਰੇ ਦੱਸਿਆ ਗਿਆ ਹੈ। ਇਥੇ ਲੇਖਕ ਕਈ ਕੇਸ ਸਟੱਡੀਜ਼ ਦੇ ਕੇ ਜੀਵਨ ਕੋਚ ਹੋਣ ਦੇ ਹੱਕ ਵਿਚ ਆਪਣਾ ਪੱਖ ਰੱਖਦਾ ਹੈ। ਉਸ ਤੋਂ ਅਗਲੇ ਪਾਠਾਂ ਵਿਚ ਜੀਵਨ ਜਾਚ ਕੋਚ ਵਜੋਂ ਉਹ ਆਪਣੇ ਅਨੁਭਵ ਪੇਸ਼ ਕਰਦਾ ਹੈ। ਉਹ ਉਨ੍ਹਾਂ ਆਦਤਾਂ ਬਾਰੇ ਦੱਸਦਾ ਹੈ ਜਿਸ ਨਾਲ ਜੀਵਨ ਨੂੰ ਸਾਕਾਰਾਤਮਿਕ ਢੰਗ ਨਾਲ ਜੀਵਿਆ ਜਾ ਸਕਦਾ ਹੈ। ਜੀਵਨ ਕੋਚ ਦੇ ਕਾਰਜ ਖੇਤਰ ਦੀ ਗੱਲ ਕਰਦਿਆਂ ਉਹ ਉਨ੍ਹਾਂ ਸਕੀਮਾਂ ਦੀ ਜਾਣਕਾਰੀ ਵੀ ਦਿੰਦਾ ਹੈ ਜੋ ਉਹ ਲੋਕਾਂ ਨੂੰ ਮੁਹੱਈਆ ਕਰਵਾਉਂਦਾ ਹੈ। ਜਿਵੇਂ ਇਕ ਮਹੀਨੇ ਦੀ ਯੋਜਨਾ ਜਾਂ 60 ਦਿਨਾਂ ਦੀ ਯੋਜਨਾ। ਇਸ ਵਿਚ ਕਿਰਿਆਸ਼ੀਲ ਸੁਣਨਾ, ਨਕਾਰਤਮਿਕ ਸੋਚ ਦੀ ਤਬਦੀਲੀ, ਸਵੈ-ਜਾਗਰੂਕਤਾ, ਹਮਦਰਦੀ ਨਾਲ ਸੁਣਨਾ ਆਦਿ ਕਈ ਢੰਗ ਦੱਸਦਾ ਹੈ ਜਿਸ ਨਾਲ ਕੋਈ ਵੀ ਵਿਅਕਤੀ ਸਫ਼ਲ ਜੀਵਨ ਜੀਅ ਸਕਦਾ ਹੈ। ਇਸ ਢੰਗ ਨਾਲ ਇਹ ਪੁਸਤਕ ਇਸ ਖੇਤਰ ਵਿਚ ਇੱਕ ਪ੍ਰੇਰਨਾਤਮਿਕ ਉਪਰਾਲਾ ਸਿੱਧ ਹੁੰਦਾ ਹੈ ਪਰ ਇਸ ਪੁਸਤਕ ਦੀ ਸਭ ਤੋਂ ਵੱਡੀ ਖ਼ਾਮੀ ਇਸ ਵਿਚ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਹਨ। ਅਣਗਿਣਤ ਗ਼ਲਤੀਆਂ ਅਸਲੀ ਪਾਠ-ਵਿਸ਼ੇ ਵਲੋਂ ਪਾਠਕ ਦਾ ਧਿਆਨ ਭਟਕਾਉਂਦੀਆਂ ਹਨ। ਇਸ ਸੰਬੰਧੀ ਵੀ ਡਾ.ਸੰਦੀਪ ਘੰਡ ਨੂੰ ਉਪਰਾਲੇ ਕਰਨੇ ਚਾਹੀਦੇ ਸਨ ਕਿਉਂਕਿ ਪੰਜਾਬੀ ਦੇ ਗ਼ਲਤ ਸ਼ਬਦ ਜੋੜ ਵੀ ਕਈ ਵਾਰ ਕਿਸੇ ਵਿਅਕਤੀ ਦੇ ਜ਼ਿੰਦਗੀ ਦਾ ਆਨੰਦ ਖ਼ਤਮ ਕਰ ਸਕਦੇ ਹਨ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਅਕਾਲ ਤਖ਼ਤ ਤੋਂ ਆਰੰਭੀ ਖ਼ਾਲਸਾ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਈ ਸੰ... ਅਗਲੀ ਖ਼ਬਰ ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ
Ad Position 24