ਗਿੱਦੜਬਾਹਾ, 23 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਡੀ.ਐੱਸ.ਪੀ. ਅਰੁਣ ਮੁੰਡਨ ਦੀ ਅਗਵਾਈ ਵਿਚ ਸਥਾਨਕ ਰਿਹਾਇਸ਼ੀ ਥਾਵਾਂ 'ਤੇ ਰਹਿ ਰਹੇ ਕਿਰਾਏਦਾਰਾਂ ਬਾਰੇ ਪੜਤਾਲ ਕੀਤੀ ਗਈ | ਡੀ.ਐੱਸ.ਪੀ. ਅਰੁਣ ਮੁੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਸੂਬੇ ਭਰ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ | ਇਸ ਲਈ ਗੈਂਗਸਟਰਾਂ ਖ਼ਿਲਾਫ਼ ਵੀ ਸਖ਼ਤੀ ਕੀਤੀ ਜਾ ਰਹੀ ਹੈ | ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਦੀਆਂ ਹਦਾਇਤਾ 'ਤੇ ਅੱਜ ਗਿੱਦੜਬਾਹਾ ਵਿਖੇ ਬਣੇ ਪੀ.ਜੀ. ਜਾਂ ਧਰਮਸ਼ਾਲਾਵਾਂ ਹਨ, ਉਨ੍ਹਾਂ ਦੀ ਪੜਤਾਲ ਕੀਤੀ ਗਈ ਹੈ, ਜਿੱਥੇ ਕੋਈ ਬਾਹਰੋਂ ਪ੍ਰਵਾਸੀ ਜਾਂ ਕੋਈ ਹੋਰ ਇਨ੍ਹਾਂ ਥਾਵਾਂ 'ਤੇ ਆਪਣੀ ਰਿਹਾਇਸ਼ ਰੱਖ ਰਿਹਾ ਹੈ | ਉਨ੍ਹਾ ਦੱਸਿਆ ਕਿ ਉਨ੍ਹਾਂ ਵਲੋਂ ਸਥਾਨਕ ਬੱਸ ਅੱਡੇ ਕੋਲ ਧਰਮਸ਼ਾਲਾ ਦੀ ਪੜਤਾਲ ਕੀਤੀ ਗਈ ਸੀ, ਜਿੱਥੇ ਪ੍ਰਵਾਸੀ ਕੁਝ ਦਿਨ ਲਈ ਆਪਣਾ ਕਾਰੋਬਾਰ ਕਰਨ ਲਈ ਕਿਰਾਏ 'ਤੇ ਠਹਿਰੇ ਹੋਏ ਹਨ | ਉਨ੍ਹਾਂ ਪਾਸ ਆਪਣੇ ਲੋੜੀਂਦੇ ਸ਼ਨਾਖ਼ਤੀ ਕਾਗ਼ਜ਼ਾਤ ਪੂਰੇ ਤੇ ਸਹੀ ਪਾਏ ਗਏ ਹਨ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬਾਹਰਲਾ ਵਿਅਕਤੀ ਕਿਰਾਏ 'ਤੇ ਰਹਿਣ ਲਈ ਆਉਂਦਾ ਹੈ ਤਾਂ ਕਿਰਾਏਦਾਰ ਪਾਸੋਂ ਉਨ੍ਹਾਂ ਦੀ ਸ਼ਨਾਖ਼ਤ ਲਏ ਬਿਨਾਂ ਕਿਰਾਏ 'ਤੇ ਨਾ ਬਿਠਾਇਆ ਜਾਵੇ | ਇਸ ਮੌਕੇ ਥਾਣਾ ਮੁਖੀ ਦੀਪਿਕਾ ਕੰਬੋਜ ਅਤੇ ਪੁਲਿਸ ਪਾਰਟੀ ਮੌਜੂਦ ਸੀ |