ਮਲੋਟ, 16 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ | ਅੱਜ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਨਗਰ ਕੌਂਸਲ ਮਲੋਟ ਦੇ ਸਾਬਕਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਆਪਣੇ ਖ਼ੁਦ ਦੇ ਵਾਰਡ ਨੰਬਰ 24 ਤੋਂ ਅਧਿਕਾਰਤ ਤੌਰ 'ਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਲੋਟ ਦੀ ਜਨਤਾ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਸਾਰੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਚੋਣਾਂ ਦੇ ਨਤੀਜਿਆਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ਼ੁਭਦੀਪ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਮਲੋਟ ਵਿਚ ਇਸ ਵਾਰ ਫ਼ਿਰ ਕਾਂਗਰਸ ਪਾਰਟੀ ਦੀ ਹੀ ਨਗਰ ਕੌਂਸਲ (ਕਮੇਟੀ) ਬਣੇਗੀ | ਉਨ੍ਹਾਂ ਕਿਹਾ ਕਿ ਕੁੱਲ 27 ਵਾਰਡਾਂ ਵਿਚੋਂ ਬਹੁਮਤ ਲਈ ਜਿੰਨੀਆਂ ਸੀਟਾਂ ਦੀ ਲੋੜ ਹੈ, ਕਾਂਗਰਸ ਉਸ ਤੋਂ ਕਿਤੇ ਵੱਧ ਸੀਟਾਂ ਹਾਸਿਲ ਕਰੇਗੀ | ਉਨ੍ਹਾਂ ਯਾਦ ਕਰਵਾਇਆ ਕਿ ਪਿਛਲੀ ਵਾਰ ਵੀ ਕਾਂਗਰਸ ਨੇ 16 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਪਰ ਇਸ ਵਾਰ ਇਹ ਅੰਕੜਾ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਜਾਵੇਗਾ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਵਿਰੋਧੀ ਉਮੀਦਵਾਰਾਂ ਨੂੰ ਨਾ ਡਰਾਉਣ ਅਤੇ ਅਮਨ-ਅਮਾਨ ਨਾਲ ਨਿਰਪੱਖ ਚੋਣਾਂ ਕਰਵਾਉਣ ਦੇ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪ੍ਰਧਾਨ ਨੇ ਇਸ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਜੇਕਰ ਕੈਬਨਿਟ ਮੰਤਰੀ ਨਿਰਪੱਖ ਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦੀ ਗੱਲ ਕਹਿ ਰਹੇ ਹਨ, ਤਾਂ ਇਹ ਬਹੁਤ ਵਧੀਆ ਗੱਲ ਹੈ | ਉਹ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ | ਜੇਕਰ ਬਿਨਾਂ ਕਿਸੇ ਧੱਕੇਸ਼ਾਹੀ ਦੇ ਚੋਣਾਂ ਨਿਰਪੱਖ ਹੁੰਦੀਆਂ ਹਨ, ਤਾਂ ਉਹ ਉਨ੍ਹਾਂ ਦਾ ਧੰਨਵਾਦ ਕਰਾਂਗੇ | ਸਾਬਕਾ ਪ੍ਰਧਾਨ ਬਿੱਟੂ ਨੇ ਕਿਹਾ ਕਿ ਸਾਲ 2021 ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਜਦੋਂ ਪਾਰਟੀ ਦੇ ਸਾਬਕਾ ਵਿਧਾਇਕ ਸ. ਭੱਟੀ ਦੀ ਅਗਵਾਈ ਸੀ, ਉਦੋਂ ਵੀ ਉਨ੍ਹਾਂ ਨੇ ਕਿਸੇ ਵੀ ਬੂਥ 'ਤੇ ਕੋਈ ਹੰਗਾਮਾ ਨਹੀਂ ਹੋਣ ਦਿੱਤਾ ਸੀ ਅਤੇ ਬਿਲਕੁਲ ਅਮਨ-ਸ਼ਾਂਤੀ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਨੇਪਰੇ ਚਾੜ੍ਹੀਆਂ ਸਨ | ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਵੀ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਇਸੇ ਤਰ੍ਹਾਂ ਲੋਕਤੰਤਰ ਦੀ ਮਰਿਆਦਾ ਨੂੰ ਬਹਾਲ ਰੱਖੇਗੀ |