ਗਿੱਦੜਬਾਹਾ, 16 ਮਈ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਵਲੋਂ ਗਿੱਦੜਬਾਹਾ ਨਗਰ ਕੌਂਸਲ ਚੋਣਾਂ ਵਿਚ 18 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾ ਦਿੱਤੀਆਂ ਗਈਆਂ ਹਨ | ਇਹ ਜਾਣਕਾਰੀ ਮੀਡੀਆ ਇੰਚਾਰਜ ਤੇ ਗਿੱਦੜਬਾਹਾ ਦੇ ਚੋਣ ਇੰਚਾਰਜ ਸੁਨੀਲ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਭਾਜਪਾ ਵਲੋਂ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੀਆਂ ਜਾ ਰਹੀਆਂ ਹਨ | ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ, ਐਡਵੋਕੇਟ ਪਿ੍ਤਪਾਲ ਸ਼ਰਮਾ ਅਤੇ ਬੌਬੀ ਸਿੰਗਲਾ ਦੀ ਅਗਵਾਈ ਵਿਚ ਭਾਜਪਾ ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ | ਇਸ ਵਾਰ ਗਿੱਦੜਬਾਹਾ ਦੇ 19 ਵਾਰਡਾਂ ਵਿਚੋਂ 18 ਵਾਰਡਾਂ 'ਤੇ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾ ਦਿੱਤੀਆਂ ਗਈਆਂ ਹਨ ਅਤੇ 11 ਨੰਬਰ ਵਾਰਡ ਦੇ ਉਮੀਦਵਾਰ ਦੇ ਦਸਤਾਵੇਜ਼ ਸਮੇਂ ਸਿਰ ਪੂਰੇ ਨਾ ਹੋ ਸਕਣ ਕਾਰਨ ਨਾਮਜ਼ਦਗੀ ਦਾਖ਼ਲ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਭਾਜਪਾ ਨਗਰ ਕੌਂਸਲ ਚੋਣਾਂ ਜਿੱਤ ਕੇ ਆਪਣੀ ਕਮੇਟੀ ਬਣਾਏਗੀ ਅਤੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ ਜਾਵੇਗਾ |