ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਅਪੰਗ ਬਣਾ ਦਿੱਤਾ ਹੈ-ਗੁਰਮੁਖ ਵੀਰ
ਅਜੀਤ ਡੈਸਕ
01-01-2026
ਕਪੂਰਥਲਾ, 31 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਯੁਵਾ ਪਰਿਵਾਰ ਸੇਵਾ ਸਮਿਤੀ ਵਲੋਂ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਸ਼ੇਖੂਪੁਰ ਵਿਚ 'ਗੁਰੂ ਨੇ ਪੁਕਾਰਿਆ' ਦੇ ਸਿਰਲੇਖ ਹੇਠ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਆਗੂ ਗੁਰਮੁੱਖ ਵੀਰ ਲਵਪ੍ਰੀਤ ਸਿੰਘ ਤੇ ਨਵੀਨ ਸ਼ਰਮਾ ਨੇ ਨੌਜਵਾਨਾਂ ਨੂੰ ਸਮਾਜ ਦੀ ਤਰੱਕੀ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਜਿਸ 'ਤੇ ਨਾ ਸਿਰਫ਼ ਸਮਾਜ, ਨਾ ਸਿਰਫ਼ ਰਾਸ਼ਟਰ ਸਗੋਂ ਪੂਰਾ ਵਿਸ਼ਵ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਜਦੋਂ ਚਰਿੱਤਰ ਹੀਣਤਾ, ਭਿ੍ਸ਼ਟਾਚਾਰ ਤੇ ਅਨੈਤਿਕਤਾ ਵੱਧ ਰਹੀ ਹੈ ਤੇ ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਮਾਨਸਿਕ ਰੂਪ ਵਿਚ ਅਪੰਗ ਬਣਾ ਦਿੱਤਾ ਹੈ ਤੇ ਨਸ਼ਾ ਨੌਜਵਾਨਾਂ ਲਈ ਇਕ ਲੋੜ ਬਣ ਗਈ ਹੈ | ਉਨ੍ਹਾਂ ਕਿਹਾ ਕਿ ਅਜਿਹੀ ਨੌਜਵਾਨ ਪੀੜੀ ਜੋ ਆਪਣਾ ਭਾਰ ਚੁੱਕਣ ਤੋਂ ਅਸਮਰਥ ਹੈ, ਦੇਸ਼, ਰਾਸ਼ਟਰ ਜਾਂ ਦੁਨੀਆ ਦੀ ਜ਼ਿੰਮੇਵਾਰੀ ਕਿਵੇਂ ਚੁੱਕ ਸਕਦੀ ਹੈ | ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਆਪਣੇ ਆਪ ਨੂੰ ਜਗਾਉਣਾ ਪਵੇਗਾ ਤੇ ਸਮਾਜ ਵਿਚ ਨਵੀਂ ਕ੍ਰਾਂਤੀ ਲਿਆਉਣ ਲਈ ਯਤਨ ਕਰਨੇ ਪੈਣਗੇ | ਇਸ ਮੌਕੇ ਬੋਲਦਿਆਂ ਸਵਾਮੀ ਸੰਜਨਾ ਆਨੰਦ ਨੇ ਕਿਹਾ ਕਿ ਨੌਜਵਾਨ ਇਕ ਊਰਜਾ ਹੈ, ਜੇਕਰ ਨੌਜਵਾਨਾਂ ਨੂੰ ਸਵੈ ਸੁਧਾਰ ਲਈ ਆਧਾਰ ਤੇ ਸਾਧਨ ਪ੍ਰਦਾਨ ਨਹੀਂ ਕੀਤੇ ਜਾਂਦੇ ਤਾਂ ਇਹ ਊਰਜਾ ਉਨ੍ਹਾਂ ਦੇ ਨਾਲ ਨਾਲ ਸਮਾਜ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ | ਉਨ੍ਹਾਂ ਕਿਹਾ ਕਿ ਆਤਮ ਸੁਧਾਰ ਸਿਰਫ਼ ਆਤਮ ਜਾਗਰਨ ਰਾਹੀਂ ਹੋ ਸਕਦਾ ਹੈ ਤੇ ਇਹ ਜਾਗਰਨ ਬ੍ਰਹਮ ਗਿਆਨ ਰਾਹੀਂ ਹੀ ਸੰਭਵ ਹੈ | ਦਿਵਿਆ ਜਯੋਤੀ ਸੰਸਥਾਨ ਦੀ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਸ੍ਰੀ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਕੇਵਲ ਉੱਤਮ ਮਨੁੱਖ ਹੀ ਇਕ ਉੱਤਮ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਤੇ ਯੁਵਾ ਪਰਿਵਾਰ ਸੇਵਾ ਸਮਿਤੀ ਸ੍ਰੀ ਗੁਰੂ ਮਹਾਰਾਜ ਦੇ ਸੰਕਲਪ ਪ੍ਰਤੀ ਵਚਨਬੱਧ ਹੈ, ਜਿਸ ਦਾ ਪ੍ਰਮਾਣ ਵੱਡੀ ਗਿਣਤੀ ਵਿਚ ਮੌਜੂਦ ਨੌਜਵਾਨਾਂ ਦੀ ਗਿਣਤੀ ਤੋਂ ਮਿਲਦਾ ਹੈ, ਜਿਨ੍ਹਾਂ ਦੇ ਜੀਵਨ ਵਿਚ ਪਰਿਵਰਤਨ ਨੇ ਪਰਿਵਰਤਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕਰਨ ਮਹਾਜਨ, ਰਾਜਨ ਗੁਲਾਟੀ, ਪੁਨੀਤ ਸ਼ੈਲੀ, ਹਰਪ੍ਰੀਤ ਸਿੰਘ, ਰਣਜੀਤ ਰਾਣਾ, ਪੰਕਜ ਗੋਇਲ, ਗੁਰਪ੍ਰੀਤ ਸਿੰਘ, ਮੋਨੂੰ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾਨ ਨਾਲ ਸਬੰਧਿਤ ਸੰਗਤਾਂ ਤੇ ਨੌਜਵਾਨ ਹਾਜ਼ਰ ਸਨ |