ਕਪੂਰਥਲਾ, 31 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੇ ਸੀਨੀਅਰ ਪੁਲਿਸ ਕਪਤਾਨ ਦੀ ਮੰਗ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੀ ਹਦੂਦ ਵਿਚ ਪ੍ਰੀਗਾਬਾਲਿਨ ਕੈਪਸੂਲ ਨੂੰ ਬਿਨਾਂ ਲਾਇਸੰਸ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ, ਬਿਨਾਂ ਬਿੱਲ ਤੇ ਰਿਕਾਰਡ ਦੇ ਖ਼ਰੀਦਣ ਤੇ ਵੇਚਣ 'ਤੇ ਰੋਕ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਆਪਣੇ ਹੁਕਮਾਂ ਵਿਚ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਵੱਖ-ਵੱਖ ਖੂਫੀਆਂ ਰਿਪੋਰਟਾਂ ਤੇ ਡਰੱਗ ਅਡਿਕਟ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਹੈ ਕਿ ਪ੍ਰੀਗਾਬਾਲਿਨ ਕੈਪਸੂਲ ਦੀ ਵਰਤੋਂ ਨਸ਼ੇ ਦੇ ਆਦੀ ਲੋਕਾਂ ਵਲੋਂ ਨਸ਼ਾ ਕਰਨ ਵਾਸਤੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ | ਇਸ ਲਈ ਇਸ ਕੈਪਸੂਲ ਦੀ ਦੁਰਵਰਤੋਂ ਨੂੰ ਰੋਕਣ ਤੇ ਗੈਰਕਾਨੂੰਨੀ ਵਿੱਕਰੀ 'ਤੇ ਰੋਕ ਲਗਾਈ ਗਈ ਹੈ | ਇਹ ਹੁਕਮ 26 ਫਰਵਰੀ ਤੱਕ ਲਾਗੂ ਰਹਿਣਗੇ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਯਕੀਨੀ ਬਣਾਉਣਗੇ |