ਕਪੂਰਥਲਾ, 22 ਫਰਵਰੀ (ਵਿ.ਪ੍ਰ.)- ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਜਸਵਿੰਦਰਪਾਲ ਉੱਗੀ ਤੇ ਜਨਰਲ ਸਕੱਤਰ ਸਤਪਾਲ ਭੱਟੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰਪਾਲ ਉੱਗੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਤੇ ਹੋਰ ਵਰਗ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਤੇ ਉਨ੍ਹਾਂ ਵਿਚੋਂ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਈ ਹੈ, ਮੁਲਾਜ਼ਮਾਂ ਦੀ 16 ਪ੍ਰਤੀਸ਼ਤ ਡੀ.ਏ. ਦੀ ਅਦਾਇਗੀ ਦਾ ਮਾਮਲਾ ਅਜੇ ਵੀ ਲਟਕ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁਲਾਜ਼ਮ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ | ਮੀਟਿੰਗ ਵਿਚ ਪ੍ਰੇਮ ਲਾਲ, ਸੁਖਪਾਲ ਸਿੰਘ, ਰਾਜਾ ਰਾਮ, ਦਿਨੇਸ਼ ਕੁਮਾਰ, ਹੌਸਲਾ ਪ੍ਰਸ਼ਾਦ, ਤਰਸੇਮ ਸਿੰਘ, ਜਸਵੀਰ ਸਿੰਘ ਪ੍ਰਧਾਨ ਬਾਗ਼ਬਾਨੀ, ਬਲਬੀਰ ਸਿੰਘ, ਹਰਮਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |