ਫਗਵਾੜਾ, 8 ਮਾਰਚ (ਹਰਜੋਤ ਸਿੰਘ ਚਾਨਾ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ 'ਆਪ' ਪਾਰਟੀ ਦੇ ਸੂਬਾ ਸਪੋਕਸਪਰਸਨ ਤੇ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਾਰਟੀ ਦੀਆਂ ਸਤਿਕਾਰਤ ਮਹਿਲਾ ਆਗੂਆਂ ਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਜੀ ਮਾਨ ਨੇ ਸਮੂਹ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਨੇ ਮਹਿਲਾਵਾਂ ਨੂੰ ਅੱਜ ਪੇਸ਼ ਕੀਤੇ ਬਜਟ 'ਚ ਵੱਡਾ ਤੋਹਫ਼ਾ ਦਿੱਤਾ ਹੈ | ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਇਤਿਹਾਸਕ ਕਦਮ ਚੁੱਕਦਿਆਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੇ ਤਹਿਤ ਹੁਣ ਪੰਜਾਬ ਦੀਆਂ ਮਾਵਾਂ ਤੇ ਧੀਆਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ, ਜਦਕਿ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਮਹਿਲਾਵਾਂ ਲਈ ਇਹ ਰਕਮ 1500 ਪ੍ਰਤੀ ਮਹੀਨਾ ਰੱਖੀ ਗਈ ਹੈ | ਮਾਨ ਨੇ ਦੱਸਿਆ ਕਿ ਇਸ ਯੋਜਨਾ ਲਈ ਪੰਜਾਬ ਸਰਕਾਰ ਨੇ 9300 ਕਰੋੜ ਰੁਪਏ ਦਾ ਵੱਡਾ ਬਜਟ ਰੱਖ ਕੇ ਸਾਬਤ ਕਰ ਦਿੱਤਾ ਹੈ ਕਿ 'ਆਪ' ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਦੀ ਹੈ | ਇਸ ਮੌਕੇ ਗੁਰਦੀਪ ਸਿੰਘ ਦੀਪਾ, ਕੁਲਵੰਤ ਕੌਰ ਸਰਪੰਚ ਢੰਡੋਲੀ, ਮੀਨਾ ਸਰਪੰਚ ਕਿਰਪਾਲਪੁਰ, ਹਰਪ੍ਰੀਤ ਕੌਰ, ਪ੍ਰੀਤੀ, ਸਰਬਜੀਤ ਕੌਰ, ਸ਼ਾਨੋ ਸਰਪੰਚ ਜਮਾਲਪੁਰ, ਸੁਮਨ ਸ਼ਰਮਾ, ਹਰਮੇਸ਼ ਪਾਠਕ, ਨਵਨੀਤ, ਰਾਜਾ ਪ੍ਰਭਾਕਰ, ਅਮਰਿੰਦਰ ਸਿੰਘ, ਜੋਗਿੰਦਰ ਪਾਲ, ਅਰਜਨ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਰਵਿੰਦਰ ਰਵੀ, ਰਜਿੰਦਰ ਸ਼ੇਰਗਿਲ, ਰਾਜਾ ਕੌਂਸਲਰ, ਨਰੇਸ਼ ਸ਼ਰਮਾ, ਸ਼ਮਸ਼ੇਰ ਸਿੰਘ, ਕੇ. ਕੇ. ਸ਼ਰਮਾ, ਬੰਟੀ ਟਿੱਬੀ, ਬੰਟੀ ਗਿੱਲ ਆਦਿ ਸ਼ਾਮਿਲ ਸਨ |