ਸੁਲਤਾਨਪੁਰ ਲੋਧੀ, 8 ਮਾਰਚ (ਨਰੇਸ਼ ਹੈਪੀ)-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ 'ਚ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਇਕ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ | ਕੈਂਪ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਦੇਣਾ ਤੇ ਉਨ੍ਹਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ | ਕੈਂਪ ਦੌਰਾਨ ਸੀਨੀਅਰ ਸਿਟੀਜ਼ਨ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਸਕਿਨ ਤੇ ਹੋਰ ਲਾਈਫ਼ ਸਟਾਈਲ ਬਿਮਾਰੀਆਂ ਨਾਲ ਸੰਬੰਧਿਤ ਚੈੱਕਅਪ ਕੀਤਾ | ਇਸ ਮੌਕੇ ਆਯੂਸ਼ ਵਿਭਾਗ ਦੇ ਡਾਕਟਰਾਂ ਵਲੋਂ ਸੀਨੀਅਰ ਸਿਟੀਜ਼ਨ ਨੂੰ ਤੰਦਰੁਸਤ ਰਹਿਣ ਲਈ ਯੋਗਾ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ ਤੇ ਕੁੱਝ ਸਾਧਾਰਨ ਯੋਗ ਆਸਣ ਵੀ ਸਿਖਾਏ ਗਏ | ਕੈਂਪ ਦੌਰਾਨ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਨਾਲ ਸੰਬੰਧਿਤ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਤੋਂ ਇਲਾਵਾ ਕਈ ਸੀਨੀਅਰ ਸਿਟੀਜ਼ਨ ਦੇ ਸੀਨੀਅਰ ਸਿਟੀਜ਼ਨ ਕਾਰਡ ਲਈ ਵੀ ਅਰਜ਼ੀਆਂ ਭਰੀਆਂ ਗਈਆਂ | ਕੈਂਪ 'ਚ ਸ਼ਾਮਿਲ ਹੋਏ ਸੀਨੀਅਰ ਸਿਟੀਜ਼ਨ ਨੂੰ ਰਿਫਰੈਸ਼ਮੈਂਟ ਵੀ ਵੰਡੇ ਗਏ | ਉਨ੍ਹਾਂ ਨੇ ਇਸ ਤਰ੍ਹਾਂ ਦੇ ਕੈਂਪ ਦੇ ਆਯੋਜਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਵੱਡੀ ਉਮਰ ਦੇ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ | ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਵਲੋਂ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਅਜਿਹੇ ਕੈਂਪ ਅੱਗੇ ਵੀ ਲਗਾਤਾਰ ਆਯੋਜਿਤ ਕੀਤੇ ਜਾਂਦੇ ਰਹਿਣਗੇ | ਇਸ ਮੌਕੇ ਸਿਹਤ ਵਿਭਾਗ ਤੋਂ ਡਾਕਟਰ ਰਜਤ ਵਾਹੀ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਆਯੁਸ਼ ਵਿਭਾਗ ਤੋਂ ਡਾ. ਸ਼ਕੂਰ, ਡਾ. ਕੁਲਦੀਪ ਸਿੰਘ, ਸੇਵਾ ਕੇਂਦਰ ਤੋਂ ਮਨਪ੍ਰੀਤ ਕੌਰ, ਗੁਲਸ਼ਨ ਕੁਮਾਰ, ਦੀਪਕ, ਅਮਰਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸੁਲਤਾਨਪੁਰ ਲੋਧੀ ਖ਼ੁਸ਼ਮੀਤ ਕੌਰ, ਸੁਪਰਵਾਈਜ਼ਰ ਸੰਦੀਪ ਕੌਰ, ਚਰਨਜੀਤ ਕੁਮਾਰ, ਮਨਜੀਤ ਕੌਰ ਤੇ ਆਂਗਣਵਾੜੀ ਵਰਕਰ ਹਾਜ਼ਰ ਸਨ |