ਸੁਲਤਾਨਪੁਰ ਲੋਧੀ, 8 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਸ ਵਕਤ ਸਫਲਤਾ ਹੱਥ ਲੱਗੀ, ਜਦ ਬੀਤੇ ਦਿਨੀਂ ਸਰਕਾਰੀ ਬੱਸ ਦੀ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਹਰਿੰਦਰ ਸਿੰਘ ਤਫ਼ਤੀਸ਼ ਕਪੂਰਥਲਾ ਅਤੇ ਏ.ਸੀ.ਪੀ. ਧੀਰੇਂਦਰ ਵਰਮਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਸਰਕਾਰੀ ਬੱਸ ਨੂੰ ਲੁੱਟਣ ਵਾਲੇ 2 ਦੋਸ਼ੀ ਗਿ੍ਫ਼ਤਾਰ ਕਰਕੇ ਖੋਹ ਕੀਤੇ 900- ਰੁਪਏ, ਵਾਰਦਾਤ ਸਮੇਂ ਵਰਤਿਆ ਦਾਤਰ ਅਤੇ ਕਾਰ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ 3 ਅਪ੍ਰੈਲ ਨੂੰ ਏਐਸਆਈ ਗੁਰਮੇਜ਼ ਸਿੰਘ ਚੌਕੀ ਮੋਠਾਂਵਾਲਾ ਥਾਣਾ ਸੁਲਤਾਨਪੁਰ ਲੋਧੀ ਪਾਸ ਮਲਕੀਤ ਰਾਮ ਪੁੱਤਰ ਫਕੀਰ ਚੰਦ ਵਾਸੀ ਆਦਰਮਾਨ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਨੇ ਇੱਕ ਦਰਖਾਸਤ ਦਿੱਤੀ ਕਿ ਉਹ ਪੰਜਾਬ ਰੋਡਵੇਜ਼ ਡੀਪੂ ਨੰਬਰ-2 ਦੀ ਮਿੰਨੀ ਬੱਸ ਤੇ ਕੰਡਕਟਰੀ ਕਰਦਾ ਹੈ ਅਤੇ ਕਰੀਬ 12.30 ਦੁਪਹਿਰ ਵਜੇ ਪਿੰਡ ਕੁਲਾਰਾਂ ਤੋ ਥੋੜਾ ਅੱਗੇ ਮੋਠਾਂਵਾਲ ਵਾਲੀ ਸਾਈਡ ਜਾ ਰਹੇ ਸੀ ਤਾਂ ਜਦ ਬੱਸ ਟਮਾਟੋ ਸੋਸ ਫੈਕਟਰੀ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਕਾਰ ਪੀਬੀ-08-ਏ ਜੈਡ- 4567 ਰੰਗ ਗਰੇਅ ਮਾਰਕਾ ਹੋਂਡਾ ਸਿਟੀ ਆ ਰਹੀ ਸੀ, ਜਿਸਨੂੰ ਡਰਾਇਵਰ ਨੇ ਸਾਈਡ ਦਿੱਤੀ ਤਾਂ ਉਨ੍ਹਾਂ ਬੱਸ ਅੱਗੇ ਕਾਰ ਲਗਾ ਦਿੱਤੀ ਤੇ ਕਾਰ ਵਿਚੋਂ ਦੋ ਨੌਜਵਾਨ ਬੱਸ ਅੰਦਰ ਦਾਖਲ ਹੋਏ, ਇੱਕ ਕੋਲ ਦਾਤਰ ਸੀ, ਜਿਸ ਨੇ ਉਸ ਨੂੰ ਦਾਤਰ ਦਾ ਡਰਾਵਾ ਦੇ ਕੇ ਪੈਸੇ ਦੇਣ ਲਈ ਕਿਹਾ ਅਤੇ ਜ਼ਬਰਦਸਤੀ ਦਾਤਰ ਦਾ ਡਰਾਵਾ ਦੇ ਕੇ ਬੈਗ ਵਿਚੋਂ ਕਰੀਬ 900 ਰੁਪਏ ਕੱਢ ਕੇ ਫ਼ਰਾਰ ਹੋ ਗਏ | ਜਿਸਤੇ ਮੁੱਦਈ ਵਲੋਂ ਦਰਖਾਸਤ ਦੇਣ 'ਤੇ ਦੋ ਨਾਂ-ਮਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ 'ਚ ਕੇਸ ਦਰਜ ਰਜਿਸਟਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ | ਤਫ਼ਤੀਸ਼ ਦੌਰਾਨ ਵਾਰਦਾਤ ਕਰਨ ਵਾਲੇ ਵਿਅਕਤੀਆਂ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਪਾਲ ਸਿੰਘ ਵਾਸੀ ਸਿਧਵਾਂ ਦੋਨਾ ਥਾਣਾ ਸਦਰ ਕਪੂਰਥਲਾ ਅਤੇ ਅਲਮਸਤ ਲੋਟੀਆ ਪੁੱਤਰ ਸਰਦਾਰਾ ਸਿੰਘ ਵਾਸੀ ਵਰਿਆਹ ਦੋਨਾ ਥਾਣਾ ਸਦਰ ਕਪੂਰਥਲਾ ਨੂੰ ਟਰੇਸ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਦੋਨੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਖੋਹ ਕੀਤੇ 900- ਰੁਪਏ, ਵਾਰਦਾਤ ਵਿਚ ਵਰਤੀ ਕਾਰ ਅਤੇ ਵਾਰਦਾਤ ਵਿਚ ਵਰਤਿਆ ਦਾਤਰ ਬਰਾਮਦ ਕੀਤਾ ਗਿਆ ਹੈ | ਦੋਨੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |