ਕਪੂਰਥਲਾ, 8 ਅਪ੍ਰੈਲ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੇ 21ਵੇਂ ਪਿ੍ੰਸੀਪਲ ਵਜੋਂ ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਸਕੂਲ ਦੀ ਐਨ.ਸੀ.ਸੀ. ਦੀ ਟੁਕੜੀ ਵਲੋਂ ਪੇਸ਼ ਕੀਤੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ | ਇਸੇ ਦੌਰਾਨ ਸਕੂਲ ਦੇ ਬੈਂਡ ਦੀ ਟੀਮ ਨੇ ਬਾਖ਼ੂਬੀ ਨਾਲ ਪੇਸ਼ਕਾਰੀ ਦਿੱਤੀ | ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਸੈਨਿਕ ਸਕੂਲ ਵਿਚ ਸਥਿਤ ਸ਼ਹੀਦਾਂ ਦੀ ਯਾਦਗਾਰ 'ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਿ੍ੰਸੀਪਲ ਕੈਪਟਨ ਮੈਨਨ ਨੇ ਕਿਹਾ ਕਿ ਮੈਂ ਸੈਨਿਕ ਸਕੂਲ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਨ੍ਹਾਂ ਕਦਰਾਂ ਕੀਮਤਾਂ ਤੇ ਸਿਧਾਂਤਾਂ ਵਿਚ ਪੂਰੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ, ਜਿਨ੍ਹਾਂ ਨੂੰ ਇਹ ਵਕਾਰੀ ਸੰਸਥਾ ਬਰਕਰਾਰ ਰੱਖ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਹਰੇਕ ਕੈਡਿਟ ਦੀ ਸਮਰੱਥਾ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਉੱਤਮਤਾ ਅਤੇ ਅਨੁਸ਼ਾਸਨ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਰਹਾਂਗਾ |