ਸੁਲਤਾਨਪੁਰ ਲੋਧੀ, 19 ਅਪ੍ਰੈਲ (ਥਿੰਦ)-ਸੁਲਤਾਨਪੁਰ ਲੋਧੀ ਤੇ ਲੋਹੀਆਂ ਇਲਾਕੇ ਵਿਚ ਲੋੜਵੰਦਾਂ ਮਰੀਜ਼ਾਂ ਦੀ ਸੇਵਾ ਕਰਨ ਤੇ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਦੇ ਸਹਿਯੋਗ ਨਾਲ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਕਰਵਾ ਰਹੇ ਵਲੋਂ ਲੋੜਵੰਦ ਮਰੀਜ਼ਾਂ ਦੇ ਜਨਰਲ ਸਰਜੀਕਲ ਨਾਲ਼ ਸੰਬੰਧਿਤ ਮੁਫ਼ਤ ਆਪ੍ਰੇਸ਼ਨ ਕਰਵਾ ਕੇ ਦਿੱਤੇ ਗਏ, ਜਿਸ 'ਚ ਡਾ. ਅਮਨਪ੍ਰੀਤ ਸਿੰਘ ਗੋਲਡ-ਮੈਡਲਿਸਟ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਸੰਬੰਧੀ ਸਤਿੰਦਰ ਸਿੰਘ ਖ਼ਾਲਸਾ, ਲਹਿੰਬਰ ਸਿੰਘ (ਮਨੀਲਾ) ਅਮਰਜੀਤ ਸਿੰਘ ਅਹੂਜਾ, ਸੁਰਿੰਦਰ ਸਿੰਘ ਚੰਦੀ, ਈਸ਼ਵਰ ਸਿੰਘ ਕੰਗ ਨੇ ਦੱਸਿਆ ਟਰੱਸਟ ਵਲੋਂ ਚੱਲ ਰਹੀਆਂ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਜਿਥੇ ਦਾਨੀ ਸੱਜਣਾ ਦਾ ਵਡਮੁੱਲਾ ਯੋਗਦਾਨ ਮਿਲ਼ ਰਿਹਾ ਹੈ ਉੱਥੇ ਚੰਗੀ ਸੋਚ ਵਾਲੇ ਡਾਕਟਰ ਅਮਨਪ੍ਰੀਤ ਸਿੰਘ ਵੀ ਆਪਣੇ ਹਸਪਤਾਲ ਰਾਹੀਂ ਸਸਤਾ ਇਲਾਜ ਦੇ ਕੇ ਸਾਡੇ ਕਾਰਜ਼ ਨੂੰ ਸੁਖਾਲ਼ਾ ਬਣਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਇਲਾਕੇ 'ਚੋਂ ਕੋਈ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹੈ ਤਾਂ ਉਹ ਸਾਡੀ ਸੰਸਥਾ ਦੀਆਂ ਸੇਵਾਵਾਂ ਲੈ ਸਕਦਾ ਹੈ | ਇਸ ਮੌਕੇ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਐਮ. ਡੀ. ਤੇ ਸਰਜਨ ਡਾ. ਅਮਨਪ੍ਰੀਤ ਸਿੰਘ ਗੋਲਡ-ਮੈਡਲਿਸਟ ਨੇ ਦੱਸਿਆ ਕਿ ਤਿੰਨ ਮਰੀਜ਼ਾਂ ਦੇ ਜਨਰਲ ਸਰਜੀਕਲ ਦੇ ਅਪ੍ਰੇਸ਼ਨ ਕੀਤੇ ਗਏ ਹਨ, ਜਿਸ ਦੀ ਸੇਵਾ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਵਲੋਂ ਕੀਤੀ ਗਈ ਹੈ | ਇਸ 'ਚ ਲਹਿੰਬਰ ਸਿੰਘ (ਮਨੀਲਾ ਵਾਲ਼ੇ) ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਦ 35000 ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਹਾ ਨਾਭ ਤੋਂ ਮਾਨਤਾ ਪ੍ਰਾਪਤ ਕਪੂਰਥਲਾ ਜ਼ਿਲ੍ਹੇ ਦਾ ਇੱਕੋ ਇਕ ਹਸਪਤਾਲ ਹੈ ਜਿਥੇ ਗਰੀਬ ਮਰੀਜ਼ਾਂ ਦਾ ਪਹਿਲ ਦੇ ਆਧਾਰ 'ਤੇ ਬਹੁਤ ਘੱਟ ਰੇਟਾਂ 'ਤੇ ਇਲਾਜ ਕੀਤਾ ਜਾਂਦਾ ਹੈ | ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਚੇਅਰਮੈਨ ਹੈੱਡਮਾਸਟਰ ਸੁਰਜਨ ਸਿੰਘ ਨੇ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਡਾਇਲੈਸਿਸ ਵਿਭਾਗ, 12 ਬੈੱਡਾਂ ਦਾ ਆਧੁਨਿਕ ਆਈ. ਸੀ. ਯੂ., ਜਰਮਨੀ ਮੋਡੂਲਰ ਮਸ਼ੀਨਾਂ ਨਾਲ ਲੈਸ ਓਪਰੇਸ਼ਨ ਥੀਏਟਰ ਸਥਿਤ ਹੈ ਜਿਥੇ ਲੁਧਿਆਣੇ ਤੇ ਜਲੰਧਰ ਦੇ ਹਸਪਤਾਲਾਂ ਤੋਂ ਵੀ ਉੱਤਮ ਇਲਾਜ ਉਪਲਬਧ ਹੈ | ਇਸ ਮੌਕੇ ਕੀਰਤਨ ਕੌਰ, ਡਾਕਟਰ ਸੁਸ਼ਾਂਤ ਸ਼ਰਮਾ, ਮੈਨੇਜਰ ਅਮਨਦੀਪ ਕੌਰ, ਮਨਿੰਦਰ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ |